ਨਵੀਂ ਦਿੱਲੀ: ਕਿਸਾਨ ਅੰਦੋਲਨ ਖਤਮ ਹੋਣ ਮਗਰੋਂ ਕਿਸਾਨਾਂ ਵੱਲੋਂ ਘਰ ਵਾਪਸੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨ ਅੰਦੋਲਨ ਬਾਰੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਜਾਂ ਹਾਰ ਦਾ ਸਵਾਲ ਨਹੀਂ ਤੇ ਤੁਹਾਨੂੰ ਵੀ ਇਸ ਮੁੱਦੇ ਨੂੰ ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ। ਕਿਸਾਨਾਂ ਖਿਲਾਫ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਰਾਜ ਦਾ ਵਿਸ਼ਾ ਹੈ। ਇਸ ਲਈ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੇਸਾਂ ਨੂੰ ਵਾਪਸ ਲੈਣ ਬਾਰੇ ਫ਼ੈਸਲਾ ਵੱਖ-ਵੱਖ ਰਾਜ ਸਰਕਾਰਾਂ ਆਪਣੇ ਪੱਧਰ ਉਤੇ ਲੈਣਗੀਆਂ।
ਜ਼ਿਕਰਯੋਗ ਹੈ ਕਿ ਯੁਕਤ ਕਿਸਾਨ ਮੋਰਚਾ ਨੇ ਵੀਰਵਾਰ ਆਪਣਾ ਸਾਲ ਪੁਰਾਣਾ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਮੋਰਚੇ ਨੂੰ ਰਸਮੀ ਤੌਰ ’ਤੇ ਪੱਤਰ ਭੇਜ ਕੇ ਮੰਗਾਂ ਮੰਨ ਲਈਆਂ ਸਨ। ਜਿਸ ਤੋਂ ਬਾਅਦ ਕਿਸਾਨ ਹੁਣ ਘਰ ਵਾਪਸੀ ਕਰ ਰਹੇ ਹਨ।