ਚੰਡੀਗੜ੍ਹ: ਪੰਜਾਬ ‘ਚ ਵਿਧਾਨਸਭਾ ਚੋਣਾਂ ਕਰਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖਿਆ ਹੋਇਆ ਹੈ। ਸਿਆਸੀ ਪਾਰਟੀਆਂ ਚੋਣਾਂ ਜਿੱਤਣ ਲਈ ਹਰ ਕੋਸ਼ਿਸ਼ ਕਰ ਰਹੀਆਂ ਹਨ। ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਪਾਰਟੀ ਮੁੱਖੀ ਅਰਵਿੰਦ ਕੇਜਰੀਵਾਲ ਆਏ ਦਿਨ ਸੂਬੇ ਦੇ ਦੌਰੇ ‘ਤੇ ਹੁੰਦੇ ਹਨ ਤੇ ਲੋਕਾਂ ਨੂੰ ਗਰੰਟੀਆਂ ਦੇ ਰਹੇ ਹਨ। ਹਾਲਾਂਕਿ ਇਸ ਵਾਰ ਹਰ ਕਿਸੇ ਦੀ ਨਜ਼ਰ ਇਸ ਗੱਲ ‘ਤੇ ਹੈ ‘ਆਪ’ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ? ਹੁਣ ਇਸ ਗੱਲ ਨੂੰ ਲੈ ਕੇ ਵੀ ਕਈ ਚਰਚਾਵਾਂ ਹੋ ਰਹੀਆਂ ਹਨ ਤੇ ਕਿਹਾ ਜਾ ਰਿਹਾ ਹੈ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਚਿਹਰਾ ਹੋ ਸਕਦੇ ਹਨ। ਆਮ ਆਦਮੀ ਪਾਰਟੀ ਦੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਨਾਲ ਗੱਲਬਾਤ ਚੱਲ ਰਹੀ ਹੈ।
ਰਾਜੇਵਾਲ ਕਿਉਂ ਹੋ ਸਕਦੇ ਹਨ CM ਚਿਹਰਾ?
ਸਿਆਸੀ ਮਾਹਿਰ ਮੰਨਦੇ ਹਨ ਕਿ ਰਾਜੇਵਾਲ ਨਾਲ ‘ਆਪ’ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਇਕ ਪਾਸੇ ਸਿੱਖ ਚਿਹਰੇ ਉਮੀਦਵਾਰ ਹੋਵੇਗਾ ਤੇ ਦੂਸਰਾ ਕਿਸਾਨੀ ਵੋਟ ਬੈਂਕ ਵੀ ਪਾਰਟੀ ਨੂੰ ਮਿਲੇਗਾ। ਮੀਡਿਆ ਰਿਪੋਰਟਾਂ ਮੁਤਾਬਕ ਪਾਰਟੀ ਜਾਂ ਫਿਰ ਬਲਬੀਰ ਰਾਜੇਵਾਲ ਨੇ ਕਦੇ ਕਿਸੇ ਮੀਟਿੰਗ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਸ ਗੱਲ ਦੀਆਂ ਸਰਗੋਸ਼ੀਆਂ ਪੂਰੀ ਤਰ੍ਹਾਂ ਫੈਲ ਰਹੀਆਂ ਹਨ ਕਿ ਅਗਲੇ ਦਿਨਾਂ ’ਚ ਇਹ ਐਲਾਨ ਕੀਤਾ ਜਾ ਸਕਦਾ ਹੈ। ਦੱਸਣਾ ਬਣਦਾ ਹੈ ਕਿ ਬਲਬੀਰ ਰਾਜੇਵਾਲ ਦੀਆਂ ਪਿਛਲੇ ਦਿਨਾਂ ਦੀਆਂ ਤਕਰੀਰਾਂ ’ਚ ਭਾਜਪਾ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਟਿੱਪਣੀਆਂ ਤਾਂ ਸੁਣਨ ਨੂੰ ਮਿਲੀਆਂ ਹਨ ਪਰ ‘ਆਪ’ ਖ਼ਿਲਾਫ਼ ਉਨ੍ਹਾਂ ਨੇ ਕਦੇ ਗੰਭੀਰ ਤੰਜ ਨਹੀਂ ਕੀਤਾ।