4 ਦਸੰਬਰ 2023 (ਪ੍ਰਵੀਨ ਵਿਕਰਾਂਤ) – ਦੇਸ਼ ਵਿੱਚ ਨਰੇਂਦਰ ਮੋਦੀ ਦੀ ਸਰਕਾਰ ਨੂੰ ਪਲਟਣ ਦੇ ਖਵਾਬ ਤਾਂ ਸਮੁੱਚੀ ਵਿਰੋਧੀ ਧਿਰ ਦੇਖ ਰਹੀ ਹੈ ਪਰ ਜੇਕਰ ਕੁੱਝ ਨਹੀਂ ਕਰ ਪਾ ਰਹੀ ਤਾਂ ਉਹ ਕਮੀ ਇਹਨਾਂ ਦੀ ਆਪਸੀ ਇਕਜੁਟਤਾ ਦੀ ਹੈ ਨਾ ਕਿ ਮੋਦੀ ਦੀ ਲੋਕਪ੍ਰਿਅਤਾ ਦਾ ਪਰਚਮ। ਅਸਲ ਵਿੱਚ ਕੋਈ ਵਿਰੋਧੀ ਕਿਸੇ ਇੱਕ ਦੇ ਹੱਥ ਅੱਗੇ ਵਧਣ ਦਾ ਝੰਡਾ ਸੌਂਪਣਾ ਹੀ ਨਹੀਂ ਚਾਹੁੰਦਾ। ਜੋ ਕਾਬਿਲ ਨੇ ਉਹਨਾਂ ਦੀ ਪੁੱਛਮੰਗ ਨਹੀਂ ਜੋ ਹੰਢੇ-ਵਰਤੇ ਪੁਰਾਣੇ ਬੋਹੜ ਨੇ ਉਹਨਾਂ ਦੇ ਹੱਥ-ਪੱਲੇ ਕੁੱਝ ਨਹੀਂ। ਲੋਕਸਭਾ ਚੋਣਾਂ-2024 ਤੋਂ ਐਨ ਪਹਿਲਾਂ ਆਏ 4 ਵਿਧਾਨਸਭਾ ਚੋਣ ਨਤੀਜਿਆਂ ਨੇ ਕਮਲ ਦੇ ਨਾਲ-ਨਾਲ ਬੀਜੇਪੀ ਵਾਲਿਆਂ ਦੀਆ ਬਾਛਾਂ ਵੀ ਖਿੜਾ ਦਿੱਤੀਆਂ ਨੇ। ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਬੀਜੇਪੀ ਨੇ ਜਿਸ ਤਰ੍ਹਾਂ ਦਾ ਬਹੁਮਤ ਹਾਸਿਲ ਕੀਤਾ ਉਸਦਾ ਸਿਹਰਾ ਉਹ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਸਿਰ ਬੰਨ੍ਹ ਰਹੇ ਨੇ।
ਕਾਂਗਰਸ ਸਿਰਫ਼ ਤੇਲੰਗਾਨਾ ਜਿੱਤਣ ‘ਚ ਕਾਮਯਾਬ ਰਹੀ। ਪਰ ਇੱਥੇ ਵੀ ਜੇਕਰ ਬੀਜੇਪੀ ਦਾ ਪ੍ਰਦਰਸ਼ਨ ਦੇਖਿਆ ਜਾਏ ਤਾਂ 2018 ‘ਚ ਸਿਰਫ ਇੱਕ ਸੀਟ ਦੇ ਬਦਲੇ ਇਸ ਵਾਰ 8 ਸੀਟਾਂ ਲੈ ਕੇ 7 ਸੀਟਾਂ ਦਾ ਵਾਧਾ ਦਰਜ ਕਰਵਾ ਦਿੱਤਾ ਹੈ ਅਤੇ ਵੋਟ ਸ਼ੇਅਰ ਦੁੱਗਣਾ ਹੋਇਆ ਹੈ ।
ਐਨਾ ਹੀ ਨਹੀਂ ਬੀਜੇਪੀ ਦੇ ਉਮੀਦਵਾਰ ਰਮੰਨਾ ਰੈੱਡੀ ਨੇ ਮੁੱਖਮੰਤਰੀ ਕੇਸੀਆਰ ਨੂੰ ਵੀ ਹਰਾ ਦਿੱਤਾ ਅਜੇਕਿ ਬੀਜੇਪੀ ਨੇ ਇੱਥੇ ਜੋ 3 ਮੈਂਬਰ ਪਾਰਲੀਮੈਂਟ ਉਤਾਰੇ ਉਹਨਾਂ ਤਿੰਨਾ ਨੂੰ ਹੀ ਹਾਰ ਮਿਲੀ। ਇਸੇ ਤਰ੍ਹਾਂ ਕਾਂਗਰਸ ਨੂੰ ਵੀ ਰਾਜਸਥਾਨ ਗਵਾ ਕੇ ਬੇਸ਼ਕ 30 ਸੀਟਾਂ ਦਾ ਘਾਟਾ ਹੋਇਆ ਪਰ ਕੁੱਝ ਵੋਟ ਸ਼ੇਅਰ ਵਧਿਆ ਯਾਨੀ 2018 ‘ਚ 39.3 ਫੀਸਦ ਦੀ ਬਜਾਏ ਇਸ ਵਾਰ 39.5 ਫੀਸਦ ਵੋਟ ਸ਼ੇਅਰ ਮਿਲਿਆ।
ਵੈਸੇ ਕਾਂਗਰਸ ਵੀ ਕਰਨਾਟਕ ਦੇ ਬਾਅਦ ਤੇਲੰਗਾਨਾ ਜਿੱਤ ਕੇ ਦੱਖਣ ਵਿੱਚ ਦਬਦਬਾ ਬਨਾਉਣ ‘ਚ ਕਾਮਯਾਬ ਰਹੀ। ਅਜੇਕਿ ਇਸ ਨਾਲ ‘ਇੰਡੀਆ ਗਠਜੋੜ’ ਦੇ ਵੱਡੇ-ਵੱਡੇ ਦਾਅਵੇ ਅਤੇ ਰਾਹੁਲ ਗਾਂਧੀ ਦੀ ‘ਮੁਹੱਬਤ ਦੀ ਦੁਕਾਨ’ ਦੇ ਟੀਚੇ ਨੂੰ ਸੱਟ ਤਾਂ ਲੱਗੀ ਹੈ । ਬੀਜੇਪੀ ਇਸ ਵੱਡੀ ਜਿੱਤ ਨੂੰ ਮੋਦੀ ਦੀਆਂ ਗਰੰਟੀਆਂ ‘ਤੇ ਮੁਹਰ ਦੱਸ ਰਹੀ ਹੈ । ਬੀਜੇਪੀ ਪਾਰਟੀ ਦਾ ਕਹਿਣੈ ਕਿ ਮੋਦੀ ਦੀਆਂ ਪ੍ਰਭਾਵਸ਼ਾਲੀ ਰੈਲੀਆਂ ਕਰਕੇ 76 ਨਵੀਆਂ ਸੀਟਾਂ ਉਹਨਾਂ ਦੇ ਖਾਤੇ ‘ਚ ਦਰਜ ਹੋਈਆਂ ਨੇ, ਮੋਦੀ ਨੇ 42 ਜਿਲ੍ਹਿਆਂ ‘ਚ 250 ਰੈਲੀਆਂ ਕੀਤੀਆਂ ਸਨ, ਇਹੀ ਜੇਕਰ ਲੋਕਸਭਾ ਚੋਣਾਂ ਹੁੰਦੀਆਂ ਤਾਂ 61 ਵਿੱਚੋਂ 45 ਸੀਟਾਂ ਇਹਨਾਂ ‘ਚੋਂ ਪੱਕੀਆਂ ਸਨ। ਇਸ ਸੱਭ ਨੂੰ ਦੇਖਦੇ ਹੋਏ ਹੁਣ ਬੀਜੇਪੀ ਵਾਲੇ ‘ਤੀਜੀ ਵਾਰ ਮੋਦੀ ਸਰਕਾਰ’ ਦਾ ਨਾਅਰਾ ਦੇ ਰਹੇ ਨੇ।
ਰਾਜਸਥਾਨ ਵਿੱਚ ਕਾਂਗਰਸ ਨੂੰ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਆਪਸੀ ਖਿੱਚੋਤਾਣ ਲੈ ਬੈਠੀ, ਨਾਲ ਹੀ ਗੁੱਜਰਾਂ ਦੀ ਨਰਾਜ਼ਗੀ ਦਾ ਖਾਮਿਆਜਾ ਵੀ ਭੁਗਤਣਾ ਪਿਆ, ਤਾਂ ਉਧਰ ਮੱਧ ਪ੍ਰਦੇਸ਼ ਵਿੱਚ ਕਮਲਨਾਥ ਦੀ ਨਰਮ ਹਿੰਦੁਤਵਾ ਨੀਤੀ ਨੇ ਭਠਾ ਬਿਠਾਇਆ ਦੂਜਾ ਕਮਲਨਾਥ ਅਤੇ ਦਿਗਵਿਜੈ ਸਿੰਘ ਇੱਕ-ਦੂਜੇ ਦੇ ਕੱਪੜੇ ਪਾੜਣ ‘ਚ ਲੱਗੇ ਰਹੇ , ਛੱਤੀਸਗੜ੍ਹ ‘ਚ ਭੁਪੇਸ਼ ਬਘੇਲ ਦੀ ਕੁਰਸੀ ਖੋਹਣ ਲਈ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਖੁਦ ਪੂਰਾ ਜੋਰ ਲਾ ਦਿੱਤਾ ਜਦਕਿ ਕੁੱਝ ਸਮਾਂ ਪਹਿਲਾਂ ਤੱਕ ਸਥਾਨਕ ਚੋਣਾਂ ਅਤੇ ਜਿਮਨੀ ਚੋਣਾਂ ਦੀ ਹਾਰ ਨੇ ਇੱਥੇ ਪਾਰਟੀ ‘ਚ ਪੂਰਾ ਖਿਲਾਪਾ ਪਾ ਰੱਖਿਆ ਸੀ। ਚੋਣ ਮਾਹਰਾਂ ਦੀ ਮੰਨੀਏ ਤਾਂ ਰਾਜਸਥਾਨ ਵਿੱਚ ਵੋਟਰਾਂ ਨੇ ਜੋ ਹਕੂਮਤ ਪਲਟਣ ਦਾ ਰਿਵਾਜ਼ ਅਪਣਾ ਰੱਖਿਆ ਏ ਉਸਦਾ ਅਸਰ ਜਿਆਦਾ ਵਿੱਖ ਰਿਹੈ। ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਚੌਹਾਨ ਦੀ 1250 ਰੁਪਏ ਵਾਲੀ ‘ਲਾਡਲੀ ਬਹਿਨਾ’ ਯੋਜਨਾ ਅਤੇ ਮੋਦੀ ਦੇ ਚਿਹਰੇ ਨੇ ਦੋ ਤਿਹਾਈ ਤੋਂ ਵੀ ਜਿਆਦਾ ਸੀਟਾਂ ਦਵਾ ਦਿੱਤੀਆਂ। ਛੱਤੀਸਗੜ੍ਹ ਵਿੱਚ ਰਾਹ ਅਸਾਨ ਐਵੇਂ ਨਹੀਂ ਹੋਇਆ ਇੱਥੇ ‘ਮਹਿਤਾਰੀ ਵੰਦਨ’ ਯੋਜਨਾ ਦੇ ਜੋ ਫਾਰਮ ਭਰਵਾਏ ਗਏ, ਉਸ ਤੋਂ ਮਿਲਣ ਵਾਲੇ ਪੈਸਿਆਂ ਨੇ ਕਾਫੀ ਜੋਰ ਵਿਖਾਇਆ। ਇਹ ਪੈਸੇ 12 ਹਜਾਰ ਰੁਪਏ ਸਲਾਨਾ ਮਿਲਦੇ ਨੇ।
ਇਹਨਾਂ ਨਤੀਜੀਆਂ ‘ਚ ਇੱਕ ਵਿਸ਼ੇਸ਼ ਗੱਲ ਇਹ ਰਹੀ ਏ ਕਿ ਜਿਨ੍ਹਾਂ 3 ਸੂਬਿਆਂ ‘ਚ ਬੀਜੇਪੀ ਨੇ ਮਾਅਰਕਾ ਮਾਰਿਆ, ਆਮ ਆਦਮੀ ਪਾਰਟੀ ਉੱਥੇ 1 ਫੀਸਦ ਵੋਟ ਵੀ ਹਾਸਿਲ ਨਹੀਂ ਕਰ ਸਕੀ। ਦੂਜੀ ਗੱਲ ਜਿਨਾਂ ਰੌਲਾ-ਰੱਪਾ ‘ਇੰਡੀਆ ਗੱਠਜੋੜ’ ਦਾ ਪੈ ਰਿਹਾ ਸੀ, ਇਹਨਾਂ ਨਤੀਜਿਆਂ ਨੇ ਹੀ ਉਸਦੀਆਂ ਚੂਲਾਂ ਹਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਅਜੇ ਲੋਕਸਭਾ ਚੋਣਾਂ ਆਉਣ ਤੱਕ ਪਤਾ ਨਹੀਂ ਊਠ ਕਿਹੜਾ ਪਾਸਾ ਲੈਂਦਾ ਹੈ । ਹਾਂ ਇੱਕ ਗੱਲ ਜ਼ਰੂਰ ਏ ਕਿ ਕੇਂਦਰ ਸਰਕਾਰ ਜਿੰਨੀਆਂ ਮਰਜੀ ਆਪਣੀਆਂ ਉਪਲਬਧੀਆਂ ਦੇ ਦਮਗਜੇ ਭਰੇ ਹਾਂ ਲਗਾਤਾਰ 10 ਸਾਲ ਬਾਅਦ ਜਨਤਾ ਦਾ ਮੂਡ ਬਦਲਦਾ ਤਾਂ ਜਰੂਰ ਏ ਬਸ਼ਰਤੇ ਕਿ ਮੋਦੀ ਦੀ ਟੱਕਰ ਦਾ ਕੋਈ ਸਿਰਕੱਢ ਆਗੂ ਅੱਗੇ ਆਏ ਜਿਸਨੂੰ ਸਾਰੇ ਵਿਰੋਧੀਆਂ ਦੀ ਸਾਂਝੀ ਹਿਮਾਇਤ ਹਾਸਿਲ ਹੋਏ।