ਚੰਡੀਗੜ੍ਹ, 4 ਅਪ੍ਰੈਲ 2023 (ਪ੍ਰਵੀਨ ਵਿਕਰਾਂਤ) – ਲਓ ਜੀ ਦੇਸ਼ ਦੀਆਂ ਆਮ ਚੋਣਾਂ ਤੋਂ ਪਹਿਲਾਂ ਟ੍ਰਾਇਲ ਦੇ ਤੌਰ ਦੇ ਜਲੰਧਰ ਦੀ ਜਿਮਨੀ ਚੋਣ ਨੇੜੇ ਆ ਗਈ ਅਜੇਕਿ ਆਮ ਕਿਆਸ ਇਹੀ ਹੁੰਦੇ ਨੇ ਕਿ ਜਿਸਦੀ ਡਾਂਗ ਉਸੇ ਦੀ ਮੱਝ ਯਾਨੀ ਜਿਸਦੀ ਸੂਬੇ ‘ਚ ਸਰਕਾਰ ਹੁੰਦੀ ਏ ਜਿਆਦਾਤਰ ਤਾਂ ਜਿਮਨੀ ਚੋਣ ਉਹੀ ਜਿੱਤਦੇ ਨੇ, ਬੱਸ ਇੱਕਾ-ਦੁੱਕਾ ਉਦਾਹਰਣਾਂ ਹੀ ਮਿਲਣਗੀਆਂ ਜਦੋਂ ਵੱਗਦੀਆਂ-ਵਹਿੰਦੀਆਂ ‘ਚ ਕਿਸੇ ਦੂਜੀ ਪਾਰਟੀ ਨੇ ਮਾਅਰਕਾ ਮਾਰ ਲਿਆ ਹੋਵੇ। ਇਹਨਾਂ ਚੋਣਾਂ ‘ਚ ਘੱਟੋ-ਘੱਟ ਪੰਜਾਬ ‘ਚ ਵਾਹ ਲਾ ਰਹੀਆਂ ਸਿਆਸੀ ਪਾਰਟੀਆਂ ਤਾਂ ਉਹ ਸਾਰੇ ਹਥਕੰਡੇ ਅਪਣਾਉਣਗੀਆਂ ਜਿੰਨਾਂ ਦੀ ਤਿਆਰੀ ਲੋਕਸਭਾ ਚੋਣਾਂ ਲਈ ਉਹਨਾਂ ਕਰ ਰੱਖੀ ਏ।
ਹਾਕਮ ਧਿਰ ਕੋਲ ਜੇ ਭਗਵੰਤ ਮਾਨ ਸਰਕਾਰ ਜ਼ਰੀਏ ਬਦਲਾਅ ਦੀ ਲਹਿਰ ਦਾ ਮੁੱਦਾ ਏ ਬੇਸ਼ਕ ਵਿਰੋਧੀ ਨਾਲੋ-ਨਾਲ ਹਵਾ ਕੱਢੀ ਜਾ ਰਹੀ ਨੇ, ਸਰਾਕਰ ਨੂੰ ਫੇਲ੍ਹ ਕਰਨ ਲਈ ਅੱਡੀ-ਚੋਟੀ ਦਾ ਜੋਰ ਲੱਗਾ ਪਿਐ ਪਰ ਫਿਰ ਵੀ ਪਲੜਾ ਭਾਰੀ ਰਹਿ ਸਕਣ ਦੇ ਕਈ ਕਾਰਣ ਨੇ, ਦੂਜੇ ਪਾਸੇ ਕਾਂਗਰਸ ਦਾ ਬੇਸ਼ਕ ਗੜ੍ਹ ਹੈ, ਵਰ੍ਹਿਆਂ ਤੋਂ ਇਹ ਸੀਟ ਕਾਂਗਰਸ ਦੀ ਝੋਲੀ ‘ਚ ਜਾਂਦੀ ਰਹੀ ਏ ਪਰ ਇਸ ਵਾਰ ਦੇ ਪੰਧ ਐਡੇ ਸੌਖੇ ਨਹੀਂ। ਪਾਰਟੀ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਨਾਲ-ਨਾਲ ਮੋਦੀ ਸਰਕਾਰ ‘ਚ ਉਹਨਾਂ ਦੇ ਰਹਿਨੁਮਾ ਨੂੰ ਲੋਕ ਮੁੱਦਾ ਚੁੱਕਣ ਦੀਆਂ ਤਮਾਮ ਸਜਾਵਾਂ ਲਈ ਹਮਦਰਦੀ ਇਕੱਠੀ ਕਰਨੀ ਹੀ ਪਏਗੀ ਬਸ਼ਰਤੇ ਕਿ ਆਪਣੇ ਇਲਜਾਮਾਂ ਨੂੰ ਸਾਬਿਤ ਕਰ ਸਕਣ ਕਿ ਇਹ ਸੱਭ ਗੌਤਮ ਅਡਾਨੀ ਨਾਲ ਜੁੜੇ ਘੁਟਾਲੇ ਦਾ ਮੁੱਦਾ ਚੁੱਕਣ ਦੀ ਵਜ੍ਹਾ ਨਾਲ ਹੋਇਆ ਏ। ਸ਼੍ਰੋਮਣੀ ਅਕਾਲੀ ਦਲ ਅਜੇਕਿ ਬਹੁਤਾ ਆਸਵੰਦ ਨਹੀਂ ਇਸ ਚੋਣ ਤੋਂ ਕਿਉਂਕਿ ਉਹਨਾਂ ਦੀਆਂ ਤਮਾਮ ਚਾਲਾਂ ਬੇਅਦਬੀਆਂ ਦੇ ਮਸਲੇ ਸਾਹਮਣੇ ਮੂੰਧੇ-ਮੂੰਹ ਪੈ ਰਹੀਆਂ ਨੇ। ਰਹੀ ਗੱਲ ਭਾਈਵਾਲ ਬੀਜੇਪੀ ਦੀ ਤਾਂ ਬੜ੍ਹਕਾਂ ਤਾਂ ਬੇਸ਼ਕ ਵੱਡੀਆਂ-ਵੱਡੀਆਂ ਨੇ ਪਰ ਅੰਦਰੋਂ ਹਿਸਾਬ-ਕਿਤਾਬ ਲਵਾ ਕੇ ਬੈਠੇ ਨੇ ਕਿ ਇਸ ਚੋਣ ਤਾਂ ਦਮਗਜੇ ਹੀ ਮਾਰ ਸਕਣਗੇ, ਚੋਣ ਜਿੱਤਣਾ ਖਾਲਾ ਜੀ ਦਾ ਵਾੜਾ ਨਹੀਂ। ਉਹ ਵੀ ਉਸ ਦੌਰ ‘ਚ ਜਦੋਂ ਕਿਸਾਨ ਅੰਦੋਲਨ ਮੁੱਦੇ ‘ਤੇ ਪੰਜਾਬ ਦੀ ਜਨਤਾ ਭਖੀ ਬੈਠੀ ਹੋਵੇ, ਆਮ ਚੋਣਾਂ ਲਈ ਤਾਂ ਮੋਦੀ ਸਰਕਾਰ ਨੇ ਕਈ ਪੈਂਤਰੇ ਸੋਚ ਰੱਖੇ ਹੋਣਗੇ ਪਰ ਉਹਨਾਂ ਦਾ ਇਸਤੇਮਾਲ ਉਦੋਂ ਹੀ ਹੋਏਗਾ। 10 ਮਈ ਨੂੰ ਚੋਣ ਏ ਤੇ 13 ਮਈ ਨੂੰ ਨਤੀਜੇ। ਯਾਨੀ ਤਮਾਮ ਪਾਰਟੀਆਂ ਕੋਲ ਵੋਟਰਾਂ ਨੂੰ ਭਰਮਾਉਣ ਲਈ ਬਹੁਤਾ ਸਮਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਇਹ ਸੀਟ ਕਾਂਗਰਸ ਦੇ ਜਲੰਧਰ ਲੋਕਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦੇ ਅਕਾਲ ਚਲਾਣੇ ਕਰਕੇ ਖਾਲੀ ਹੋਈ ਏ ਜੋ 2019 ਦੀਆਂ ਚੋਣਾਂ ‘ਚ ਆਪਣੇ ਨੇੜੇ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਚਰਣਜੀਤ ਸਿੰਘ ਅਟਵਾਲ ਤੋਂ ਕੁੱਲ ਪਈਆਂ ਵੋਟਾਂ ਦਾ ਦੋ ਫੀਸਦ ਵਾਧੂ ਲਿਜਾਉਣ ਕਰਕੇ ਜੇਤੂ ਰਹੇ ਸਨ। ਅਕਾਲੀ ਉਮੀਦਵਾਰ ਨੂੰ 35.90 ਫੀਸਦ (366221) ਵੋਟਾਂ ਦੇ ਮੁਕਾਬਲੇ ਸੰਤੋਖ ਸਿੰਘ ਚੌਧਰੀ 37.90 ਫੀਸਦ (385712 ) ਵੋਟਾਂ ਹਾਸਿਲ ਕਰਨ ‘ਚ ਕਾਮਯਾਬ ਰਹੇ ਸਨ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾਇਰਡ ਜਸਟਿਸ ਜੋਰਾ ਸਿੰਘ 25467 ਵੋਟਾਂ ਨਾਲ ਚੌਥੇ ਸਥਾਨ ‘ਤੇ ਰਹੇ ਸਨ। ਜਦਕਿ ਤੀਜੇ ਸਥਾਨ ‘ਤੇ ਬਸਪਾ ਉਮੀਦਵਾਰ ਬਲਵਿੰਦਰ ਕੁਮਾਰ 2 (204783) ਲੱਖ ਤੋਂ ਵਧੇਰੇ ਵੋਟਾਂ ਲੈ ਕੇ ਰਹੇ।
ਐਨਾ ਹੀ ਨਹੀਂ ਇਸ ਤੋਂ ਪਹਿਲਾਂ 2014 ‘ਚ ਵੀ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਹਰਾਇਆ ਅਤੇ ਉਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਹੀ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਨੇ ਤਤਕਾਲੀ ਅਕਾਲੀ ਉਮੀਦਵਾਰ ਰਾਜ ਗਾਇਕ ਹੰਸਰਾਜ ਹੰਸ ਨੂੰ ਹਰਾਇਆ। ਇੱਕ ਗੱਲ ਤਾਂ ਸਾਫ ਹੈ ਕਿ ਇਸ ਰਾਖਵੀਂ ਸੀਟ ਤੇ ਚੋਣ ਜਿੱਤਣ ਲਈ ਆਮ ਲੋਕਾਂ ‘ਚ ਪ੍ਰਭਾਵ ਹੋਣਾ ਬਹੁਤ ਜ਼ਰੂਰੀ ਏ ਯਾਨੀ ਅਜਿਹਾ ਉਮੀਦਵਾਰ ਜੋ ਦੱਬੇ-ਕੁਚਲੇ ਲੋਕਾਂ ਦੀ ਅਵਾਜ਼ ਬਣ ਸਕੇ। ਵੈਸੇ ਹੁਣ ਤੱਕ 19 ਵਾਰ ਇਸ ਸੀਟ ਤੇ ਹੋਈਆਂ ਲੋਕਸਭਾ ਚੋਣਾਂ ਚ 14 ਵਾਰ ਤਾਂ ਕਾਂਗਰਸ ਨੇ ਹੀ ਫਤਿਹ ਹਾਸਿਲ ਕੀਤੀ ਏ। ਯਾਨੀ ਸਿੱਧਾ-ਸਿੱਧਾ ਦੇਖਿਆ ਜਾਏ ਤਾਂ ਮੁਕਾਬਲਾ ਕਾਂਗਰਸ ਬਨਾਮ ਆਮ ਆਦਮੀ ਪਾਰਟੀ ਹੀ ਨਜ਼ਰ ਆ ਰਿਹੈ ਪਰ ਵੋਟਰ ਦੇ ਦਿਲ ਚ ਕੀ ਏ ਇਹ ਪੱਤੇ ਤਾਂ ਮੌਕੇ ਤੇ ਹੀ ਖੁੱਲ੍ਹਣਗੇ।