ਪ੍ਰਵੀਨ ਵਿਕਰਾਂਤ
ਚੰਡੀਗੜ੍ਹ, 13 ਜੂਨ 2022 – ਸਿੱਧੂ ਮੂਸੇਵਾਲਾ ਦੇ ਕਤਲ ਦੀ ਚੌਤਰਫਾ ਨਿੰਦਿਆ ਹੋ ਰਹੀ ਏ, ਹੋਣੀ ਵੀ ਚਾਹੀਦੀ ਏ, ਬਹੁਤ ਮੰਦਭਾਗੀ ਘਟਨਾ ਵਾਪਰੀ, ਪਰ ਇਸ ਕਤਲ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਏ। ਪੰਜਾਬ ਵਿੱਚ ਗੈਂਗਸਟਰ ਕਲਚਰ ਅਤੇ ਗੈਂਗਵਾਰ ਕਿਉਂ ? ਪਹਿਲਾਂ ਹੀ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਦੀ ਜੁਗਤਾਂ ਲੜਾ ਰਹੇ ਹਾਂ ਕਿ ਕਿਵੇਂ ਕੋਈ ਹੀਲਾ ਵਸੀਲਾ ਕੀਤਾ ਜਾਏ ਉਤੋਂ ਹੁਣ ਪੰਜਾਬ ਨੂੰ ਇਹ ਨਵੀਂ ਚੁਣੌਤੀ ਦਰਪੇਸ਼ ਆ ਰਹੀ ਏ। ਗੁਆਂਢੀ ਸੂਬਿਆਂ ਦੇ ਖਿਡਾਰੀ ਖੇਡਾਂ ‘ਚ ਮੱਲਾਂ ਮਾਰ ਕੇ ਤਗਮੇ ਜਿੱਤ ਕੇ ਲਿਆਉਂਦੇ ਨੇ ਤੇ ਸਾਡੇ ਖਿਡਾਰੀ ਕਿਸੇ ਮਕਾਮ ‘ਤੇ ਪਹੁੰਚਣ ਤੋਂ ਪਹਿਲਾਂ ਕਿਸੇ ਲੀਡਰ ਦੀ ਢਹਿ ਚੜ੍ਹ ਕੇ ਗੈਂਗਸਟਰ ਬਣ ਜਾਂਦੇ ਨੇ। ਹਥਿਆਰ ਰੱਖਣੇ, ਸ਼ੂਟ ਕਰਨਾ, ਬੰਦਾ ਮਾਰਨਾ ਨਵੀਂ ਨੌਜਵਾਨ ਪੀੜ੍ਹੀ ਪਤਾ ਨਹੀਂ ਕਿਹੜੇ ਸ਼ੌਂਕ ਪਾਲ ਰਹੀ ਏ। ਇਹਦੇ ਵਿੱਚ ਕਿਤੇ ਨਾਕਿਤੇ ਕਸੂਰ ਸਾਡੇ ਰਹਿਨੁਮਾਵਾਂ ਦਾ ਵੀ ਏ ਜੋ ਚੰਗਾ ਸਾਹਿਤ ਪੜ੍ਹ ਕੇ ਨਵੀਂ ਸੋਚ ਨਾਲ ਦੁਨੀਆ ਬਦਲਣ, ਦੁਨੀਆ ਨੂੰ ਅੱਗੇ ਲਾਉਣ ਦੀ ਬਜਾਏ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਲਾ ਰਹੇ ਨੇ।
ਆਮ ਤੌਰ ਤੇ ਵਿਓਂਤਬੰਦੀ ਕੀਤੀ ਜਾਂਦੀ ਏ ਕਿ ਜਿੰਨੀ ਮਿਹਨਤ ਅਸੀਂ ਅੱਜ ਕਰ ਰਹੇ ਹਾਂ, ਜਿੰਨੀ ਪਲਾਨਿੰਗ ਅੱਜ ਕਰ ਰਹੇ ਹਾਂ ਆਉਣ ਵਾਲੇ 10 ਸਾਲਾਂ ਨੂੰ ਅਸੀਂ ਕਿੱਥੇ ਹੋਵਾਂਗੇ, ਕੀ ਪੰਜਾਬ ਨੂੰ ਜਿਸ ਤਰ੍ਹਾਂ ਅਸੀਂ ਅੱਜ ਚਲਾ ਰਹੇ ਹਾਂ ਕੀ ਲੱਗਦੈ ਆਉਣ ਵਾਲੇ 10 ਸਾਲਾਂ ‘ਚ ਪੰਜਾਬ ਨੂੰ ਅਸੀਂ ਕਿੱਥੇ ਦੇਖਦੇ ਹਾਂ, ਮੁੰਬਈ, ਬਿਹਾਰ, ਯੂਪੀ ਤੋਂ ਵੱਡੇ ਗੈਂਗਸਟਰ ਸਾਡੇ ਕੋਲ ਹੋਣਗੇ? ਰੋਜਾਨਾ ਗੈਂਗਵਾਰ ਹੋਇਆ ਕਰਨਗੀਆਂ? ਅਗਵਾ, ਫਿਰੌਤੀਆਂ ਵਰਗੇ ਕਾਂਡ ਆਮ ਹੋ ਜਾਣਗੇ? ਕੀ ਦੇ ਰਹੇ ਹਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ? ਇੱਕ ਸ਼ੇਅਰ ਯਾਦ ਆ ਰਿਹਾ…
ਆਜ ਕਾ ਇਨਸਾਨ ਕਿਤਨੀ ਤਰੱਕੀ ਕਰ ਰਹਾ ਹੈ
ਬੰਬ ਬਨਾ ਕਰ ਖੁਦ ਹੀ ਬੰਬ ਸੇ ਡਰ ਰਹਾ ਹੈ
ਕੀ ਪੰਜਾਬ ਦੀ ਹਾਲਤ ਵੀ ਅਸੀਂ ਕੁੱਝ ਇਸੇ ਤਰ੍ਹਾਂ ਦੀ ਨਹੀਂ ਬਣਾ ਰਹੇ? ਇਹ ਗੁਰੂਆਂ, ਪੀਰਾਂ ਦੀ ਧਰਤੀ, ਲੋਕਾਂ ਦਾ ਢਿੱਡ ਭਰਨ ਲਈ ਅਨਾਜ ਪੈਦਾ ਕਰਨ ਵਾਲੀ ਸੱਭ ਤੋਂ ਉਪਜਾਊ ਧਰਤੀ, ਜਿਸਨੂੰ ਦੁੱਧ, ਮਲਾਈਆਂ ਅਤੇ ਦੇਸੀ ਘਿਓ ਨਾਲ ਪਲੇ ਭਲਵਾਨਾਂ ਦੀ ਧਰਤੀ ਕਿਹਾ ਜਾਂਦਾ ਸੀ, ਕੀ ਹੁਣ ਗੈਂਗਸਟਰਾਂ ਦੀ ਧਰਤੀ ਕਿਹਾ ਜਾਏਗਾ? ਗੈਂਗਸਟਰ ਕੋਈ ਮਾਂ ਦੇ ਢਿੱਡ ਚੋਂ ਤਾਂ ਗੈਂਗਸਟਰ ਬਣ ਕੇ ਆਉਂਦਾ ਨਹੀਂ , ਬੇਰੁਜ਼ਗਾਰੀ ਦੀ ਮਾਰ, ਲੀਡਰਾਂ ਦੀ ਵੱਧ ਤੋਂ ਵੱਧ ਤਾਕਤ ਇਕੱਠੀ ਕਰਨ ਦੀ ਭੁੱਖ ਅਤੇ ਬਹੁਤੀ ਫੁੱਕਰਾਪੰਥੀ ਇਹੀ ਕੁੱਝ ਵਜ੍ਹਾ ਬਣ ਰਹੀਆਂ ਨੇ ਜਿਸ ਕਰਕੇ ਪੰਜਾਬ ਬਦਨਾਮ ਹੋ ਰਿਹੈ। ਇੱਕ ਗੱਲ ਦੱਸੋ ਜਦੋਂ ਕੋਈ ਗੈਂਗਸਟਰ ਮਰਦਾ ਏ ਤਾਂ ਉਸਦੀ ਮਾਂ ਨੂੰ ਕਦੇ ਪੁੱਛ ਕੇ ਦੇਖਿਆ ਕੌਣ ਮਰ ਗਿਆ ? ਉਸਦੇ ਲਈ ਉਸਦੇ ਕਾਲਜੇ ਦਾ ਟੁੱਕੜਾ ਸੀ ਜੋ ਉਸਦੀਆਂ ਮਿੰਨਤਾਂ ਨੂੰ ਠੁਕਰਾ ਕੇ ਕੁਰਾਹੇ ਪਿਆ, ਕੋਈ ਚੰਗਾ ਰਹਿਨੁਮਾ ਨਹੀਂ ਮਿਲਿਆ ਤੇ ਬਰਬਾਦੀ ਵੱਲ ਵੱਧਦਾ ਗਿਆ। ਕਿਹੜਾ ਗੈਂਗਸਟਰ, ਗੁੰਡਾ, ਬਦਮਾਸ਼ ਜਾਂ ਦਾਦਾ ਹੈ ਜਿਸਨੂੰ ਦਿਲੋਂ ਸਤਿਕਾਰ ਮਿਲਦੈ। ਸਿਰਫ ਡਰ ਦੀ ਵਜ੍ਹਾ ਨਾਲ ਸਤਿਕਾਰ ਹੁੰਦਾ, ਪਰ ਅਜਿਹਾ ਸਤਿਕਾਰ ਕਰਨ ਵਾਲੇ ਵੀ ਜਾਣਦੇ ਹੁੰਦੇ ਨੇ ਕਿ ਹਰ ਸਿਰ ਦਾ ਇੱਕ ਸਵਾ ਸਿਰ ਏ, ਜਿਸਨੇ ਉਹਨੂੰ ਮਾਰ ਕੇ ਆਪਣਾ ਸਿੱਕਾ ਚਲਾਉਣਾ ਏ ਤੇ ਫਿਰ ਉਹਨੂੰ ਮਾਰ ਕੇ ਕਿਸੇ ਹੋਰ ਨੇ ਆਪਣਾ। ਜ਼ਰੂਰਤ ਹੈ ਸੋਚ ਬਦਲਣ ਦੀ, ਸਰਕਾਰਾਂ ਨੂੰ ਵੀ ਇਸ ਪਾਸੇ ਜਾਣ ਲਈ ਮਜਬੂਰ ਕਰਨ ਦੀ ਕਿ ਪੰਜਾਬ ਨੂੰ ਬਦਲਾਖੋਰੀ ਅਤੇ ਫਾਇਰਿੰਗ ਤੋਂ ਬਚਾ ਵਿਕਾਸ ਦੇ ਰਾਹ ਵੱਲ ਕਿਵੇਂ ਤੋਰਿਆ ਜਾਵੇ।