ਦਿੱਗਜ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰ ਨੇ 3 ਅਗਸਤ ਦੀ ਸ਼ਾਮ ਨੂੰ ਆਖਰੀ ਸਾਹ ਲਏ।ਅਦਾਕਾਰ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਖ਼ਰਾਬ ਸਿਹਤ ਕਾਰਨ ਉਨ੍ਹਾਂ ਦਾ ਲਖਨਊ ਵਿੱਚ ਇਲਾਜ ਚੱਲ ਰਿਹਾ ਸੀ। ਦਰਅਸਲ, ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਮਿਥਿਲੇਸ਼ ਚਤੁਰਵੇਦੀ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਜਵਾਈ ਆਸ਼ੀਸ਼ ਚਤੁਰਵੇਦੀ ਨੇ ਸੋਸ਼ਲ ਮੀਡੀਆ ‘ਤੇ ਕੀਤੀ ਹੈ।

ਆਸ਼ੀਸ਼ ਚਤੁਰਵੇਦੀ ਨੇ ਫੇਸਬੁੱਕ ‘ਤੇ ਮਿਥਿਲੇਸ਼ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, “ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਪਿਤਾ ਸੀ, ਤੁਸੀਂ ਮੈਨੂੰ ਜਵਾਈ ਨਹੀਂ, ਪੁੱਤਰ ਵਾਂਗ ਆਪਣਾ ਪਿਆਰ ਦਿੱਤਾ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।” ਮਿਥਿਲੇਸ਼ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕੋਈ ਹੈਰਾਨ ਹੈ। ਦੱਸ ਦੇਈਏ ਕਿ ਮਿਥਿਲੇਸ਼ ਚਤੁਰਵੇਦੀ ਨੇ ਆਪਣੇ ਸਫਰ ਦੌਰਾਨ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਰਿਤਿਕ ਰੋਸ਼ਨ ਨਾਲ ਕਈ ਵੱਡੀਆਂ ਅਤੇ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ। ਉਹ ਸੰਨੀ ਦਿਓਲ ਦੀ ‘ਗਦਰ: ਏਕ ਪ੍ਰੇਮ ਕਥਾ’, ਮਨੋਜ ਬਾਜਪਾਈ ਸਟਾਰਰ ‘ਸੱਤਿਆ’, ਸ਼ਾਹਰੁਖ ਖਾਨ ਸਟਾਰਰ ‘ਅਸ਼ੋਕਾ’ ਸਮੇਤ ‘ਤਾਲ’, ਅਭਿਸ਼ੇਕ ਬੱਚਨ ਦੀ ‘ਬੰਟੀ ਔਰ ਬਬਲੀ’, ਰਿਤਿਕ ਰੋਸ਼ਨ ਦੀ ‘ਕ੍ਰਿਸ਼ ਖਾਨ’ ਅਤੇ ਸਲਾਮ ਵਿੱਚ ਵੀ ਕੰਮ ਕਰ ਚੁੱਕੇ ਹਨ।












