ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਆਦਿਪੁਰੁਸ਼’ ਜਿਸਨੂੰ ਕਿ ਬਾਹੂਬਲੀ ਵਾਂਗ ਬਨਾਉਣ ‘ਤੇ ਐਨਾ ਜੋਰ ਲਾਇਆ ਗਿਆ ਕਿ ਲੋਕਾਂ ਦੀ ਸ਼ਰਧਾ ਦੀ ਵੀ ਪਰਵਾਹ ਨਹੀਂ ਕੀਤੀ ਗਈ। ਆਧੁਨਿਕਤਾ ਦੀ ਹੋੜ ‘ਚ ਉਸ ਪਵਿੱਤਰ ਗ੍ਰੰਥ ਨਾਲ ਖੇਡੀ ਖੇਡੀ ਗਈ ਜਿਸਨੂੰ ਲੋਕ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਨੇ। ਡਾਇਲੌਗਸ ਦੀ ਵੱਡੀ ਗਲਤੀ ਤੋਂ ਪਹਿਲਾਂ ਸਵਾਲ ਇਹ ਹੈ ਕਿ ਕੀ ਸੋਚ ਕੇ ਮੇਕਰਸ ਨੇ ਬਣਾਈ ਅਜਿਹੀ ਫਿਲਮ, ਜਿਸ ਵਿੱਚ ਚਮਗਾਦੜ ‘ਤੇ ਸਵਾਰ, ਲੈਦਰ ਪਹਿਨ ਕੇ ਇੱਕ ਅਜੀਬ ਜਿਹੀ ਲੁਕ ਵਾਲਾ ਰਾਵਣ ਪੇਸ਼ ਕੀਤਾ ਗਿਆ। ਮੇਘਨਾਦ ਦੇ ਪੂਰੇ ਸਰੀਰ ‘ਤੇ ਟੈਟੂ ਬਣਾ ਕੇ ਇੱਕ ਵੱਖਰੀ ਹੀ ਸ਼ਕਤੀ ਦੇ ਕੇ ਇਤਿਹਾਸ ਨੂੰ ਪਲਟਿਆ ਗਿਆ। ਹਨੂੰਮਾਨ ਜੀ ਦੀ ਪ੍ਰਤੀ ਲੋਕਾਂ ਦੀ ਸ਼ਰਧਾ ਦਾ ਪਰਵਾਹ ਕੀਤੇ ਬਿਨਾ, ਕਾਮੇਡੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।
ਲੁਕ ਤਾਂ ਵਿਵਾਦਾਂ ‘ਚ ਰਹੀ ਹੀ, ਪਰ ਅਲੋਚਨਾ ਦਾ ਸ਼ਿਕਾਰ ਹੋ ਰਹੇ ਮਨੋਜ ਮੁੰਤਸ਼ਿਰ ਦਾ ਕਹਿਣਾ ਹੈ ਕਿ ਹਨੂੰਮਾਨ ਜੀ ਦੇ ਆਂਉਂਦਿਆਂ ਇੱਕ ਹਾਸੇ ਵਾਲਾ ਮਹੌਲ ਕਾਇਮ ਹੋ ਜਾਂਦਾ, ਸ਼ਰਮ ਵੀ ਨਹੀਂ ਆਉਂਦੀ ਇਹ ਸੱਭ ਬੋਲਦੇ। ਸੁਸ਼ੈਨ ਵੈਦ ਦੀ ਥਾਂ ਵਿਭੀਸ਼ਣ ਦੇ ਨਾਲ ਆਈ ਔਰਤ ਜੋ ਸ਼ਾਇਦ ਉਹਨਾਂ ਦੀ ਪਤਨੀ ਵਿਖਾਈ ਗਈ ਜੋ ਲਕਸ਼ਮਣ ਜੀ ਨੂੰ ਮੌਤ ਦੇ ਮੂੰਹ ਚੋਂ ਬਚਾਉਣ ਵਾਲੀ ਸੰਜੀਵਨੀ ਬੂਟੀ ਦੀ ਜਾਣਕਾਰੀ ਦਿੰਦੀ ਹੈ। ਇਸ ਤਰ੍ਹਾਂ ਪੇਸ਼ ਕੀਤੀ ਗਏ ਜਿਵੇਂ ਵਿਭੀਸ਼ਣ ਸ੍ਰੀ ਰਾਮ ਭਗਤ ਨਹੀਂ ਬਲਕਿ ਖੁਦ ਹੀ ਕੋਈ ਸ਼ਡਿਅੰਤਰ ਰੱਚ ਰਹੇ ਹੋਣ ਫਿਰ ਸੰਜੀਵਨੀ ਸਿਰਫ ਲਕਸ਼ਮਣ ਜੀ ਲਈ ਹੀ ਨਹੀਂ ਪੂਰੀ ਸੈਨਾ ਲਈ ਤਿਆਰ ਕਰਕੇ ਵਰਤੀ ਗਈ।
ਇੱਕ ਪਾਸੇ ਰਾਮਾਨੰਦ ਸਾਗਰ ਦੀ ਰਾਮਾਇਣ ਦੇਖੋ ਹਰ ਕਿਰਦਾਰ ਆਪਣੇ ਆਪ ‘ਚ ਪੂਰਣ, ਇੱਥੋਂ ਤੱਕ ਕੇ ਰਾਵਣ, ਮੇਘਨਾਦ, ਕੁੰਭਕਰਣ ਦੇ ਕਿਰਦਾਰ ਵੀ ਐਨੇ ਨਿਖਾਰ ਕੇ ਪੇਸ਼ ਕੀਤੇ ਗਏ ਕਿ ਲੋਕਾਂ ਨੂੰ ਸਮਝ ਆਇਆ ਕਿ ਰਾਵਣ ਦਾ ਅੰਤ ਕਰਨ ਲਈ ਹੀ ਭਗਵਾਨ ਨੇ ਉਸਦੀ ਬੁੱਧੀ ਭ੍ਰਿਸ਼ਟ ਕਰਕੇ ਇਹ ਸਾਰੀ ਖੇਡ ਰਚੀ, ਨਹੀਂ ਤਾਂ ਐਡਾ ਵੱਡਾ ਗਿਆਨੀ ਸੀ ਕਿ ਰਾਮ ਜੀ ਖੁਦ ਮੌਤ ਦੇ ਮੁਹਾਣੇ ਪਏ ਰਾਵਣ ਤੋਂ ਲਕਸ਼ਮਣ ਨੂੰ ਸਿੱਖਿਆ ਲੈਣ ਕਹਿੰਦੇ ਨੇ ਜਿਸ ਨਾਲ ਦਰਸ਼ਕਾਂ ਨੂੰ ਪਤਾ ਲੱਗਦੈ ਰਾਵਣ ਦੇ ਕਿਰਦਾਰ ਦਾ ਕਿ ਇਹ ਪਾਪ ਉਸ ਦੇ ਸਿਰ ਤੇ ਮੰਡਰਾ ਰਹੇ ਕਾਲ ਨੇ ਉਸ ਤੋਂ ਰਵਾਇਆ ਹੈ। ਡਾਇਲੌਗਸ ਪੂਰੇ ਸੀਰੀਅਲ ‘ਚ ਅਜਿਹੇ ਕਿ ਪੱਲ-ਪੱਲ ਜਿੰਦਗੀ ਦੀ ਸਿੱਖਿਆ ਦਿੰਦੇ ਸਨ। ਅਤੇ ਇੱਥੇ ਡਾਇਲੌਗਸ ਨੇ ਹੀ ਹੋ ਹੱਲਾ ਮਚਾ ਦਿੱਤਾ। ‘’ਕੱਪੜਾ ਤੇਰੇ ਬਾਪ ਕਾ…ਬਗੀਚਾ ਤੇਰੀ ਬੁਆ ਕਾ…’’ਵਗੈਰਹ-ਵਗੈਰਹ।
ਉੱਤੋਂ ਸਫਾਈ ਦੇ ਨਾਂ ਤੇ ਲੇਖਕ ਮਨੋਜ ਮੁੰਤਸ਼ਿਰ ਐਨੀ ਬੇਸ਼ਰਮੀ ਨਾਲ ਆਪਣੀ ਗੱਲ ਰੱਖ ਰਿਹੈ ਕਿ ਜਿਵੇਂ ਉਸ ਤੋਂ ਸਿਆਣਾ ਕੋਈ ਬੰਦਾ ਹੀ ਨਹੀਂ। ਅਜੇ ਕਿ ਕਈ ਵਿਦਵਾਨ ‘ਆਦਿਪੁਰੁਸ਼’ ਸਿਰਲੇਖ ਤੇ ਵੀ ਸਵਾਲ ਚੁੱਕ ਰਹੇ ਨੇ ਕਿ ਇਸ ਤੋਂ ਪਹਿਲਾਂ ਸ੍ਰੀ ਰਾਮ ਜੀ ਦੇ ਗੁਣਾਂ ਦਾ ਬਹੁਤ ਪ੍ਰਚਾਰ ਹੋਇਆ ਪਰ ਆਦਿਪੁਰੁਸ਼ ਕਿਉਂ ਰੱਖਿਆ ਟਾਈਟਲ, ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪੂਰਵਜ ਸਨ, ਤ੍ਰੇਤਾ ਤੋਂ ਪਹਿਲਾਂ ਸੱਤਯੁਗ ਵੀ ਸੀ ਧਰਤੀ ਉਦੋਂ ਵੀ ਸੀ ਅਤੇ ਮਨੁੱਖਾਂ ਸਣੇ ਧਰਤੀ ਦੇ ਹੋਰ ਜੀਵ ਵੀ।
ਫਿਲਮਾਂ ‘ਤੇ ਵਿਵਾਦ ਇਸ ਤੋਂ ਪਹਿਲਾਂ ਵੀ ਹੁੰਦੇ ਆਏ ਨੇ, ਪਦਮਾਵਤ ਜਾਂ ਪਠਾਨ ਵਿੱਚ ਜੋ ਇਤਰਾਜ ਪ੍ਰਗਟਾਏ ਗਏ ਉਹ ਐਡੇ ਵੱਡੇ ਹੋ ਨਿਬੜੇ ਕਿ ਇਸ ਲਿਹਾਜ ਨਾਲ ਤਾਂ ਇਹ ਫਿਲਮ ਹੀ ਬੈਨ ਹੋ ਜਾਣੀ ਚਾਹੀਦੀ ਏ। ਅਜੇਕਿ ਮੇਕਰਸ ਸਾਰੇ ਇਤਰਾਜਯੋਗ ਡਾਇਲੌਗਸ ਅਤੇ ਦ੍ਰਿਸ਼ ਬਦਲਣ ਨੂੰ ਤਿਆਰ ਹੋ ਗਏ ਨੇ ਪਰ ਜਜ਼ਬਾਤੀ ਤੌਰ ਗੁੱਸੇ ‘ਚ ਆਏ ਦਰਸ਼ਕ ਫਿਲਮ ਹੀ ਬੈਨ ਕਰਵਾਉਣਾ ਚਾਹੁੰਦੇ ਨੇ। ‘ਆਦਿਪੁਰੁਸ਼’ ਨੂੰ ਲੈ ਦਿੱਲੀ ਹਾਈਕੋਰਟ ਚ ਪਟੀਸ਼ਨ ਵੀ ਦਾਖਲ ਕੀਤੀ ਗਈ ਹੈ ਜਿਸਤੇ ਸੁਣਵਾਈ 30 ਜੂਨ ਨੂੰ ਹੋਏਗੀ। — (ਪ੍ਰਵੀਨ ਵਿਕਰਾਂਤ)