ਕਿਸਾਨ ਅੰਦੋਲਨ ਦੀ ਫਤਿਹ ਤੋਂ ਬਾਅਦ ਕਿਸਾਨਾਂ ਨੇ ਹੁਣ ਘਰ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਸਿੰਘੂ ਤੇ ਟਿਕਰੀ ਬਾਰਡਰ ਤੋਂ ਕਿਸਾਨ ਮੋਰਚਾ ਚੁੱਕ ਰਹੇ ਹਨ। ਕਿਸਾਨਾਂ ਵੱਲੋਂ ਨਗਰ ਕੀਰਤਨ ਤੋਂ ਬਾਅਦ ਫਤਿਹ ਮਾਰਚ ਕੱਢਿਆ ਜਾ ਰਿਹਾ ਹੈ। ਇਹੀ ਨਹੀਂ ਟੋਲ ਪਲਾਜ਼ਾ ‘ਤੇ ਧਰਨਾ ਦੇ ਰਹੇ ਕਿਸਾਨ ਉਥੋਂ ਨਿਕਲਣ ਵਾਲੇ ਕਾਫਲੇ ‘ਤੇ ਵੀ ਫੁੱਲਾਂ ਦੀ ਵਰਖਾ ਕਰਨਗੇ। ਕਿਸਾਨਾਂ ਦੀ ਘਰ ਵਾਪਸੀ ਨੂੰ ਲੈ ਕੇ ਹਰਿਆਣਾ ਪੁਲਿਸ ਵੀ ਅਲਰਟ ‘ਤੇ ਹੈ ਤੇ ਸੁਰੱਖਿਆ ਦੇ ਪ੍ਰਭੰਧ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ ਕੁੱਝ ਕਿਸਾਨ ਹਾਲੇ ਵੀ ਆਪਣਾ ਸਾਮਾਨ ਚੁੱਕ ਰਹੇ ਹਨ। ਟਿਕਰੀ ਬਾਰਡਰ ‘ਤੇ ਕਿਸਾਨਾਂ ਲਈ ਨਾਸ਼ਤੇ ਦਾ ਵੀ ਪ੍ਰਭੰਧ ਕੀਤਾ ਗਿਆ ਹੈ। ਦੁਪਹਿਰ ਦਾ ਭੋਜਨ ਰਸਤੇ ‘ਚ ਟੋਲ ਪਲਾਜ਼ਾ ਵਿੱਖੇ ਕੀਤਾ ਜਾਵੇਗਾ ਤੇ ਬਠਿੰਡਾ ‘ਚ ਕਿਸਾਨਾਂ ਲਈ ਸ਼ਾਮ ਦੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵੱਲ ਜਾਣ ਵਾਲੇ ਰਸਤਿਆਂ ‘ਤੇ ਪੁਲਿਸ ਤਾਇਨਾਤ ਰਹੇਗੀ। ਹਾਈਵੇ ‘ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋ ਇਸਦਾ ਵੀ ਪੂਰਾ ਧਿਆਨ ਰਖਿਆ ਜਾਵੇਗਾ।