ਹਿਮਾਚਲ ਦੇ ਕਾਂਗੜਾ ਜ਼ਿਲੇ ਦੇ ਸ਼੍ਰੀ ਚਾਮੁੰਡਾ ਨੰਦੀਕੇਸ਼ਵਰ ਧਾਮ ਦੇ ਨਾਲ ਲੱਗਦੇ ਦਾਦ ਦੇ ਮੇਲਾ ਮੈਦਾਨ ‘ਚ ਇਕ ਟਰੱਕ ਡਰਾਈਵਰ ਨੇ ਸੁੱਤੇ ਪਏ ਚਾਰ ਬੱਚਿਆਂ ‘ਤੇ ਟਰੱਕ ਚੜ੍ਹਾ ਦਿੱਤਾ, ਜਿਸ ਕਾਰਨ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀਆਂ ਦੋਵੇਂ ਲੱਤਾਂ ਫਰੈਕਚਰ ਹੋ ਗਈਆਂ ਹਨ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਮ੍ਰਿਤਕ ਬੱਚੇ ਦੀ ਪਛਾਣ ਅਮਿਤ ਕੁਮਾਰ ਉਮਰ 9 ਸਾਲ ਵਜੋਂ ਹੋਈ ਹੈ, ਜਦਕਿ ਦੀਪਕ (12), ਕਰਨ (7) ਅਤੇ ਕੁਨਾਲ (5) ਜ਼ਖਮੀ ਹਨ। ਜ਼ਖਮੀ ਇਸ ਸਮੇਂ ਟਾਂਡਾ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਬੱਚੇ ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਹਨ, ਜੋ ਇੱਥੇ 20 ਸਾਲਾਂ ਤੋਂ ਰਹਿ ਰਹੇ ਹਨ।
ਪੁਲਿਸ ਅਨੁਸਾਰ ਟਰੱਕ ਡਰਾਈਵਰ ਰਵੀ ਕੁਮਾਰ ਜ਼ਿਆਦਾਤਰ ਆਪਣੀ ਗੱਡੀ ਇਸੇ ਗਰਾਊਂਡ ਵਿੱਚ ਪਾਰਕ ਕਰਦਾ ਸੀ। ਉਸ ਨੇ ਅੱਜ ਸ਼ਾਮ ਲਾਹੌਲ ਜਾਣਾ ਸੀ। ਇਸ ਲਈ ਟਰੱਕ ਪਾਰਕ ਕਰਦੇ ਸਮੇਂ ਸਵੇਰੇ 10.30 ਵਜੇ ਇਹ ਹਾਦਸਾ ਵਾਪਰਿਆ।
ਇਸ ਤੋਂ ਬਾਅਦ ਮੌਕੇ ‘ਤੇ ਰੌਲਾ ਪੈ ਗਿਆ। ਬੱਚਿਆਂ ਦੇ ਰੋਣ ਅਤੇ ਚੀਕਣ ਦੀ ਆਵਾਜ਼ ਸੁਣਦੇ ਹੀ ਸਥਾਨਕ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਬੱਚਿਆਂ ਨੂੰ ਨਗਰੋਟਾ ਬਾਗਵਾਨ ਹਸਪਤਾਲ ਪਹੁੰਚਾਇਆ। ਜਿੱਥੋਂ ਉਸ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਚਿਆਂ ਦੇ ਮਾਤਾ-ਪਿਤਾ ਖਾਣਾ ਲਿਆਉਣ ਲਈ ਗਏ ਹੋਏ ਸਨ।
ਐਸਐਚਓ ਪਾਲਮਪੁਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 281, 125 (ਏ), 135 (ਬੀ), 106 (1) ਤਹਿਤ ਕੇਸ ਦਰਜ ਕਰ ਲਿਆ ਹੈ।