ਕੋਰੋਨਾ ਤੋਂ ਬਾਅਦ ਉਤਪਾਦਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਦਾ ਬਜਟ ਵਿਗੜਨ ਲੱਗਾ ਹੈ। ਇਸੇ ਕਾਰਨ ਹੁਣ ਲੋਕਾਂ ਨੇ ਬ੍ਰਾਂਡੇਡ ਚੀਜ਼ਾਂ ਨੂੰ ਛੱਡ ਕੇ ਸਸਤੇ ਅਤੇ ਗੈਰ-ਬ੍ਰਾਂਡੇਡ ਉਤਪਾਦਾਂ ਦੀ ਚੋਣ ਸ਼ੁਰੂ ਕਰ ਦਿੱਤੀ ਹੈ।ਰਿਪੋਰਟ ਮੁਤਾਬਕ ਬਾਜ਼ਾਰ ਦੇ ਜਾਣਕਾਰਾਂ ਅਤੇ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਖਪਤਕਾਰਾਂ ਨੇ ਗੈਰ ਬ੍ਰਾਂਡੇਡ ਉਤਪਾਦ ਜਿਵੇਂ ਘੱਟ ਕੀਮਤ ਵਾਲੇ ਪੈਕਡ ਭੋਜਨ, ਕਰਿਆਨਾ ਅਤੇ ਰੋਜ਼ਾਨਾ ਦੀ ਵਰਤੋਂ ਵਾਲੇ ਸਾਮਾਨ ਸਮੇਤ ਹੋਰ ਚੀਜ਼ਾਂ ਦੀ ਚੋਣ ਕਰਨੀ ਸ਼ੁਰੂ ਕਰ ਦਿੱਤੀ ਹੈ। ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਇਸ ਦਾ ਮੁੱਲ ਕਾਰਨ ਹੈ। ਤਾਜ਼ਾ ਅੰਕੜਿਆਂ ਮੁਤਾਬਕ ਸਤੰਬਰ ’ਚ ਸਮਾਪਤ ਤਿਮਾਹੀ ਦੌਰਾਨ ਸਾਬਣ, ਦੁੱਧ ਤੋਂ ਬਣੇ ਉਤਪਾਦ, ਖਾਣ ਵਾਲੇ ਤੇਲ ਅਤੇ ਘਰੇਲੂ ਸਫਾਈ ’ਚ ਵਰਤੇ ਜਾਣ ਵਾਲੇ ਉਤਪਾਦਾਂ ਸਮੇਤ ਲਗਭਗ ਅੱਧਾ ਦਰਜਨ ਅਜਿਹੀਆਂ ਸ਼੍ਰੇਣੀਆਂ ’ਚ ਖਪਤਕਾਰਾਂ ਨੇ ਜ਼ਿਆਦਾਤਰ ਵੱਡੇ ਪੈਮਾਨੇ ’ਤੇ ਗੈਰ-ਬ੍ਰਾਂਡੇਡ ਉਤਪਾਦ ਖਰੀਦੇ। ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਖਪਤ ਦਾ ਰੁਝਾਨ ਬਿਲਕੁੱਲ ਬਦਲ ਗਿਆ ਹੈ।
ਕੰਪਨੀਆਂ ਨੇ ਵੀ ਵਧਾਏ ਉਤਪਾਦਾਂ ਦੇ ਰੇਟ
ਰਿਪੋਰਟ ਮੁਤਾਬਕ ਪਹਿਲਾਂ ਖਪਤਕਾਰ ਵੱਡੇ ਰਾਸ਼ਟਰੀ ਬ੍ਰਾਂਡਾਂ ਦਾ ਇਸਤੇਮਾਲ ਕਰਦੇ ਸਨ। ਹੁਣ ਗੈਰ-ਬ੍ਰਾਂਡੇਡ ਪੈਕਿੰਗ ਵਾਲੀਆਂ ਚੀਜ਼ਾਂ ਖਰੀਦਣ ਲੱਗ ਗਏ ਹਨ। ਕਈ ਕੰਪਨੀਆਂ ਨੇ ਮਹਿੰਗਾਈ ਦੇ ਦਬਾਅ ਕਾਰਨ ਪਿਛਲੇ ਤਿੰਨ ਮਹੀਨਿਆਂ ’ਚ ਆਪਣੇ ਉਤਪਾਦਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ ਅਤੇ ਅਗਲੀ ਤਿਮਾਹੀ ਤੱਕ ਲਗਾਤਾਰ ਕੀਮਤਾਂ ’ਚ ਵਾਧੇ ਦਾ ਸੰਕੇਤ ਦਿੱਤਾ ਹੈ। ਸਾਲ ਭਰ ’ਚ ਪਾਮ, ਕਰੂਡ ਅਤੇ ਚਾਹ ਦੀਆਂ ਕੀਮਤਾਂ ’ਚ 50 ਫੀਸਦ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਜਦ ਕਿ ਪੈਕੇਜਿੰਗ ਸਮੱਗਰੀ ਦੀਆਂ ਕੀਮਤਾਂ ’ਚ ਪਿਛਲੇ ਸਾਲ ਦੀ ਤੁਲਨਾ ’ਚ 30-35 ਫੀਸਦੀ ਦਾ ਵਾਧਾ ਹੋਇਆ ਹੈ। ਸਕੂਲ ਆਉਣ-ਜਾਣ ਦਾ ਖਰਚਾ, ਦਫਤਰਾਂ ਦੀ ਮੈਂਟੇਨੈਂਸ, ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਯਾਤਰੀ ਕਿਰਾਇਆ ਅਤੇ ਮਨੋਰੰਜਨ ਦੇ ਸਾਧਨਾਂ ਦੀਆਂ ਕੀਮਤਾਂ ’ਚ ਵਾਧਾ ਦੇਖਿਆ ਗਿਆ ਹੈ। ਇਨ੍ਹਾਂ ਸਭ ਦੀਆਂ ਵਧਦੀਆਂ ਕੀਮਤਾਂ ਕਾਰਨ ਖਪਤਕਾਰ ਦੀ ਜੇਬ ਢਿੱਲੀ ਹੋਣ ਲੱਗੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਲੋਕ ਹੌਲੀ-ਹੌਲੀ ਕੋਵਿਡ ਤੋਂ ਉਭਰ ਕੇ ਪੁਰਾਣੀ ਜੀਵਨ ਸ਼ੈਲੀ ’ਚ ਪਰਤ ਰਹੇ ਹਨ।
ਕਿਉਂ ਖਰੀਦੇ ਗਏ ਬ੍ਰਾਂਡੇਡ ਸਾਮਾਨ?
ਕੰਟਰਾਰ ਦੇ ਵਰਲਡਪੈਨਲ ਡਿਵੀਜ਼ਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਖਪਤਕਾਰ ਵਧੇਰੇ ਭਰੋਸੇਮੰਦ ਬ੍ਰਾਂਡਾਂ ਨੂੰ ਖਰੀਦਦੇ ਸਨ ਕਿਉਂਕਿ ਉਸ ਦੌਰਾਨ ਉਨ੍ਹਾਂ ਦੇ ਕੋਲ ਹੋਰ ਕੋਈ ਬਦਲ ਨਹੀਂ ਸੀ।