ਲੁਧਿਆਣਾ: ਲੁਧਿਆਣਾ ‘ਚ ਸੰਘਣੀ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਦੇਰ ਰਾਤ ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ ‘ਤੇ ਸਿਟੀ ਯੂਨੀਵਰਸਿਟੀ ਨੇੜੇ ਇਕ ਸੜਕ ਹਾਦਸਾ ਹੋਇਆ ਜਿਸ ‘ਚ 3 ਨੌਜਵਾਨਾਂ ਦੀ ਮੌਤ ਹੋ ਗਈ। ਦੋ ਨੌਜਵਾਨ ਗੰਭੀਰ ਹਨ। ਜਾਣਕਾਰੀ ਮੁਤਾਬਕ ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਸਾਜਨ ਪਾਸਵਾਨ ਅਤੇ ਉਸ ਦਾ ਸਾਥੀ ਲਕਸ਼ਮਣ ਦਾਸ ਕੰਮ ਖਤਮ ਕਰਕੇ ਦੇਰ ਰਾਤ ਕਰੀਬ 12 ਵਜੇ ਆਪਣੇ ਪਿੰਡ ਵਿਰਕ ਨੂੰ ਜਾ ਰਹੇ ਸਨ।
ਜਿਵੇਂ ਹੀ ਉਹ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਸਿੱਧਵਾਂ ਖੁਰਦ ਕਾਲਜ ਰੋਡ ’ਤੇ ਸਥਿਤ ਕੱਟ ਤੋਂ ਪਿੰਡ ਵੱਲ ਜਾਣ ਲਈ ਆਪਣੇ ਮੋਟਰ ਸਾਈਕਲ ’ਤੇ ਜਾਣ ਲੱਗੇ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ’ਤੇ ਸਵਾਰ ਸੂਰਜ ਸਿੰਘ, ਪ੍ਰਗਟ ਸਿੰਘ ਅਤੇ ਸੁਖਦੀਪ ਸਿੰਘ ਨੇ ਟੱਕਰ ਮਾਰ ਦਿੱਤੀ। . ਦੋਵਾਂ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ‘ਚ ਸਾਜਨ ਪਾਸਵਾਨ, ਲਕਸ਼ਮਣ ਦਾਸ ਅਤੇ ਸੂਰਜ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸਾਰੇ ਮ੍ਰਿਤਕਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ।
ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਕਰੀਬ 12.30 ਵਜੇ ਵਾਪਰੀ।ਸਿਵਲ ਹਸਪਤਾਲ ਦੇ ਡਾਕਟਰਾਂ ਨੇ ਗੰਭੀਰ ਜ਼ਖਮੀ ਪਰਗਟ ਅਤੇ ਸੁਖਦੀਪ ਨੂੰ ਲੁਧਿਆਣਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ। ਮਾਮਲੇ ‘ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕੀਤੀ ਗਈ ਹੈ।












