ਮੋਦੀ ਸਰਕਾਰ ਦੇ 2000 ਦੇ ਨੋਟਾਂ ਨੂੰ ਬ੍ਰੇਕ ਲੱਗ ਗਈ ਹੈ। ਪਿਛਲੇ ਤਿੰਨ ਸਾਲ ਤੋਂ 2000 ਦੇ ਨੋਟ ਨਹੀਂ ਛਪੇ ਹਨ। ਹੁਣ ਸਰਕਾਰ ਨੇ ਵੀ ਇਹ ਗੱਲ ਕਬੂਲ ਲਈ ਹੈ। ਸਰਕਾਰ ਨੇ ਮੰਨ ਲਿਆ ਹੈ ਕਿ 2000 ਰੁਪਏ ਦੇ ਨੋਟ ਹੌਲੀ-ਹੌਲੀ ਬਾਜ਼ਾਰ ‘ਚੋਂ ਖ਼ਤਮ ਹੋ ਰਹੇ ਹਨ। ਮੋਦੀ ਸਰਕਾਰ ਨੇ ਜਦੋਂ 2000 ਦੇ ਨੋਟ ਲਿਆਂਦੇ ਸੀ ਤਾਂ ਦਾਅਵੇ ਕੀਤੇ ਸੀ ਕਿ ਇਸ ਨਾਲ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਏਗੀ ਪਰ ਇਸ ਦਾ ਉਲਟਾ ਹੀ ਅਸਰ ਵਿਖਾਈ ਦੇਣ ਲੱਗਾ।
ਇਸ ਬਾਰੇ ਵਿੱਤ ਰਾਜ ਮੰਤਰੀ ਡਾ. ਕੇਸ਼ਵ ਰਾਓ ਵੱਲੋਂ ਸੰਸਦ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ ਤਿੰਨ ਸਾਲਾਂ ਤੋਂ 2000 ਰੁਪਏ ਦੇ ਨਵੇਂ ਨੋਟ ਨਹੀਂ ਛਾਪੇ ਜਾ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਸਮੇਂ ‘ਚ ਚੱਲ ਰਹੇ ਸਾਰੇ ਕਰੰਸੀ ਨੋਟਾਂ ‘ਚ 2000 ਦੇ ਨੋਟਾਂ ਦੀ ਹਿੱਸੇਦਾਰੀ ਲਗਾਤਾਰ ਘੱਟ ਰਹੀ ਹੈ। ਵਿੱਤ ਮੰਤਰਾਲੇ ਮੁਤਾਬਕ ਮਾਰਚ 2018 ਦੇ ਅੰਤ ਤਕ ਬਾਜ਼ਾਰ ‘ਚ 2000 ਰੁਪਏ ਦੇ 336.30 ਕਰੋੜ ਨੋਟ ਸਨ। ਇਸ ਸਾਲ 26 ਨਵੰਬਰ ਨੂੰ ਬਾਜ਼ਾਰ ‘ਚ 2000 ਰੁਪਏ ਦੇ ਸਿਰਫ਼ 223.30 ਕਰੋੜ ਨੋਟ ਹੀ ਚਲਨ ‘ਚ ਬਚੇ ਸਨ।
ਮੰਤਰਾਲੇ ਦੇ ਅਨੁਸਾਰ ਮਾਰਚ 2018 ਦੇ ਅੰਤ ‘ਚ ਕੁੱਲ ਨੋਟਾਂ ‘ਚ 2000 ਰੁਪਏ ਦੇ ਨੋਟਾਂ ਦਾ ਹਿੱਸਾ ਮੁੱਲ ਦੇ ਰੂਪ ‘ਚ 3.27 ਫ਼ੀਸਦੀ ਤੇ 37.26 ਫ਼ੀਸਦੀ ਸੀ, ਜੋ ਇਸ ਸਾਲ ਨਵੰਬਰ ‘ਚ ਘੱਟ ਕੇ ਲੜੀਵਾਰ 1.75 ਫ਼ੀਸਦੀ ਅਤੇ 15.11 ਫ਼ੀਸਦੀ ਰਹਿ ਗਿਆ।
ਵਿੱਤ ਰਾਜ ਮੰਤਰੀ ਵੱਲੋਂ ਸੰਸਦ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਲ 2018-19 ਤੋਂ ਹੁਣ ਤਕ ਨੋਟਬੰਦੀ ਕਾਰਨ 2000 ਰੁਪਏ ਦੇ ਨੋਟਾਂ ਦੀ ਕੁੱਲ ਸਰਕੂਲੇਸ਼ਨ ‘ਚ ਕਮੀ ਆਈ ਹੈ। ਇਸ ਦੇ ਨਾਲ ਹੀ ਸਮੇਂ ਦੇ ਨਾਲ ਨੋਟ ਗੰਦੇ ਤੇ ਖਰਾਬ ਹੋ ਜਾਂਦੇ ਹਨ। ਇਸ ਨਾਲ ਬਾਜ਼ਾਰ ‘ਚ ਨੋਟ ਘੱਟ ਜਾਂਦੇ ਹਨ।