ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਅਮਰੀਕਾ ਦੀ ਪਹਿਲੀ ਮਹਿਲਾ ਸਿੱਖ ਜੱਜ ਬਣ ਗਈ ਹੈ। ਉਹ ਹੈਰਿਸ ਕਾਉਂਟੀ, ਟੈਕਸਾਸ ਵਿੱਚ ਜੱਜ ਵਜੋਂ ਸੇਵਾ ਨਿਭਾਏਗੀ। ਜੱਜ ਚੁਣੇ ਜਾਣ ਤੋਂ ਬਾਅਦ ਮੋਨਿਕਾ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ। ਉਸਨੇ ਲਿਖਿਆ- ਮਾਂ, ਅਸੀਂ ਇਹ ਕਰ ਦਿਖਾਇਆ, ਸਿਵਲ ਕੋਰਟ ਦਾ ਜੱਜ ਬਣ ਕੇ ਹੈਰਿਸ ਕਾਉਂਟੀ ਦੇ ਲੋਕਾਂ ਲਈ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ।

ਦੱਸ ਦਈਏ ਕਿ ਮੋਨਿਕਾ ਦੇ ਜੱਜ ਬਣਨ ਲਈ ਆਯੋਜਿਤ ਸਮਾਰੋਹ ਦੌਰਾਨ ਪੂਰਾ ਕੋਰਟ ਰੂਮ ਲੋਕਾਂ ਨਾਲ ਖਚਾਖਚ ਭਰ ਗਿਆ। ਜੱਜ ਬਣਨ ਤੋਂ ਬਾਅਦ ਮੋਨਿਕਾ ਨੇ ਕਿਹਾ- ਇਹ ਇਤਿਹਾਸਕ ਪਲ ਹੈ। ਇੱਕ ਅਜਿਹਾ ਦਿਨ ਵੀ ਆਵੇਗਾ ਜਦੋਂ ਇੱਕ ਔਰਤ ਅਤੇ ਸਿੱਖ ਦਾ ਜੱਜ ਬਣਨਾ ਆਮ ਗੱਲ ਹੋ ਜਾਵੇਗੀ। ਮੈਂ ਆਪਣੇ 20 ਸਾਲਾਂ ਦੇ ਤਜ਼ਰਬੇ ਦੀ ਚੰਗੀ ਵਰਤੋਂ ਕਰਾਂਗੀ। ਦੱਸ ਦਈਏ ਕਿ ਮੋਨਿਕਾ ਮਨਪ੍ਰੀਤ ਸਿੰਘ ਦਾ ਜਨਮ ਅਮਰੀਕਾ ਦੇ ਹਿਊਸਟਨ ਵਿੱਚ ਹੋਇਆ ਸੀ। ਉਹ ਹੁਣ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲੇਅਰ ਵਿੱਚ ਰਹਿੰਦੀ ਹੈ।












