- ਰਾਜਪਾਲ ਨੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ
ਕੋਲਕਾਤਾ, 22 ਅਗਸਤ 2024 – ਕੋਲਕਾਤਾ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਬਲਾਤਕਾਰ-ਕਤਲ ਮਾਮਲੇ ਵਿੱਚ ਬੁੱਧਵਾਰ, 21 ਅਗਸਤ ਨੂੰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਕੋਲਕਾਤਾ ਦੇ ਰਾਧਾ ਗੋਵਿੰਦ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ ਅਤੇ ਵਿਦਿਆਰਥੀਆਂ ਨੇ ਵੀ ਰੋਸ ਮਾਰਚ ਕੱਢਿਆ। ਇਹ ਮਾਰਚ ਸੀਬੀਆਈ ਦਫ਼ਤਰ ਤੱਕ ਗਿਆ। ਸਾਬਕਾ ਕ੍ਰਿਕਟਰ ਸੌਰਭ ਗਾਂਗੁਲੀ ਨੇ ਆਪਣੀ ਪਤਨੀ ਡੋਨਾ ਅਤੇ ਬੇਟੀ ਸਨਾ ਦੇ ਨਾਲ ਇਸ ‘ਚ ਹਿੱਸਾ ਲਿਆ।
ਦੂਜੇ ਪਾਸੇ ਸੂਬਾ ਸਰਕਾਰ ਨੇ ਹਸਪਤਾਲ ਦੇ ਪ੍ਰਿੰਸੀਪਲ, ਸੁਪਰਡੈਂਟ ਅਤੇ ਚੇਸਟ ਵਿਭਾਗ ਦੇ ਨਵੇਂ ਐਚਓਡੀ ਨੂੰ ਹਟਾ ਦਿੱਤਾ ਹੈ। ਪ੍ਰਦਰਸ਼ਨਕਾਰੀ ਇਨ੍ਹਾਂ ਅਧਿਕਾਰੀਆਂ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਕਹੀ।
ਇਸ ਦੌਰਾਨ ਦੁਪਹਿਰ ਬਾਅਦ ਸਰਕਾਰ ਨੇ 2 ਸਹਾਇਕ ਪੁਲਿਸ ਕਮਿਸ਼ਨਰਾਂ ਸਮੇਤ 3 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। 15 ਅਗਸਤ ਦੀ ਦੇਰ ਰਾਤ, ਹਜ਼ਾਰਾਂ ਦੀ ਭੀੜ ਨੇ ਆਰਜੀ ਕਾਰ ਮੈਡੀਕਲ ਕਾਲਜ ਹਸਪਤਾਲ ਵਿੱਚ ਭੰਨਤੋੜ ਕੀਤੀ। ਇਸੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ CISF ਨੇ ਆਰਜੀ ਕਰ ਮੈਡੀਕਲ ਕਾਲਜ ਦੀ ਸੁਰੱਖਿਆ ਸੰਭਾਲ ਲਈ ਹੈ। ਸੀਆਈਐਸਐਫ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਹਸਪਤਾਲ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਦਾਲਤ ਨੇ ਹਸਪਤਾਲ ਵਿੱਚ ਭੰਨਤੋੜ ਤੋਂ ਬਾਅਦ ਸੀਆਈਐਸਐਫ ਨੂੰ ਸੁਰੱਖਿਆ ਸੰਭਾਲਣ ਦੇ ਨਿਰਦੇਸ਼ ਦਿੱਤੇ ਸਨ।
ਦੂਜੇ ਪਾਸੇ ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਅਖਤਰ ਅਲੀ ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਖਿਲਾਫ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਅਲੀ ਨੇ ਘੋਸ਼ ‘ਤੇ ਆਪਣੇ ਕਾਰਜਕਾਲ ਦੌਰਾਨ ਵਿੱਤੀ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ ਅਤੇ ਈਡੀ ਤੋਂ ਜਾਂਚ ਦੀ ਮੰਗ ਕੀਤੀ ਹੈ। ਰਾਜ ਸਰਕਾਰ ਇਸ ਮਾਮਲੇ ਵਿੱਚ ਭਲਕੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦੇਵੇਗੀ।
ਕਲਕੱਤਾ ਹਾਈਕੋਰਟ ‘ਚ ਬੁੱਧਵਾਰ ਨੂੰ ਬਲਾਤਕਾਰ-ਕਤਲ ਮਾਮਲੇ ‘ਚ ਸੁਣਵਾਈ ਹੋਈ। ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਰਾਜ ਸਰਕਾਰ ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਹੈ। ਇਹ ਉਨ੍ਹਾਂ ਨੂੰ ਬਚਾਉਣ ਲਈ ਇੱਕ ਧੋਖਾ ਹੈ। ਹਾਲਾਂਕਿ, ਅਦਾਲਤ ਨੇ ਕਿਹਾ, ਅਸੀਂ ਹੁਣ ਇਸ ਮਾਮਲੇ ਦੀ ਸੁਣਵਾਈ 4 ਸਤੰਬਰ ਨੂੰ ਕਰਾਂਗੇ।
ਦੂਜੇ ਪਾਸੇ ਬੰਗਾਲ ਸਰਕਾਰ ਨੇ ਕਿਹਾ ਕਿ ਮਾਮਲੇ ਨਾਲ ਸਬੰਧਤ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਇਸ ‘ਤੇ ਹਾਈ ਕੋਰਟ ਦੇ ਚੀਫ਼ ਜਸਟਿਸ ਟੀਐਸ ਸਿਵਗਨਮ ਨੇ ਕਿਹਾ, ਇਹ ਮਾਮਲਾ ਹੁਣ ਸੁਪਰੀਮ ਕੋਰਟ ਵਿੱਚ ਹੈ। ਰਿਪੋਰਟ ਆਪਣੇ ਕੋਲ ਰੱਖੋ ਅਤੇ ਸੁਪਰੀਮ ਕੋਰਟ ਵਿੱਚ ਦਿਖਾਓ।
ਹਾਈ ਕੋਰਟ ‘ਚ ਪਿਛਲੀ ਸੁਣਵਾਈ 16 ਅਗਸਤ ਨੂੰ ਸੀ। ਉਦੋਂ ਚੀਫ਼ ਜਸਟਿਸ ਟੀਐਸ ਸਿਵਾਗਨਮ ਨੇ ਰਾਜ ਸਰਕਾਰ ਅਤੇ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ 7 ਹਜ਼ਾਰ ਦੀ ਭੀੜ ਹਸਪਤਾਲ ਵਿੱਚ ਭੰਨਤੋੜ ਕਰਨ ਆਈ ਸੀ। ਪੁਲਿਸ ਕੀ ਕਰ ਰਹੀ ਸੀ ? ਜੇਕਰ ਪੁਲਿਸ ਹੀ ਆਪਣੇ ਆਪ ਨੂੰ ਨਹੀਂ ਬਚਾ ਸਕੀ ਤਾਂ ਡਾਕਟਰ ਕਿਵੇਂ ਨਿਡਰ ਹੋ ਕੇ ਕੰਮ ਕਰਨਗੇ।