ਯੂਕਰੇਨ ਦੇ ਕੈਦੀਆਂ ਨੂੰ ਲੈ ਕੇ ਜਾ ਰਿਹਾ ਇੱਕ ਜਹਾਜ਼ ਰੂਸ ਵਿੱਚ ਕਰੈਸ਼ ਹੋ ਗਿਆ ਹੈ। ਇਹ ਹਾਦਸਾ ਰੂਸੀ ਸਮੇਂ ਅਨੁਸਾਰ ਸਵੇਰੇ ਕਰੀਬ 11 ਵਜੇ ਪੱਛਮੀ ਬੇਲਗੋਰੋਡ ਖੇਤਰ ਵਿੱਚ ਵਾਪਰਿਆ। ਇਸ ਜਹਾਜ਼ ਵਿੱਚ 65 ਕੈਦੀ ਮੌਜੂਦ ਸਨ।
ਇਹ ਰੂਸ ਦਾ IL-76 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ ਵਿੱਚ ਸਵਾਰ ਸਾਰੇ ਕੈਦੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਆਰਟੀ ਇੰਡੀਆ ਦੁਆਰਾ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ, ਇੱਕ ਰੂਸੀ ਫੌਜੀ ਟਰਾਂਸਪੋਰਟ ਜਹਾਜ਼ ਨੂੰ ਇੱਕ ਛੋਟੀ ਰਿਫਾਇਨਰੀ ਤੋਂ ਕੁਝ ਦੂਰੀ ‘ਤੇ ਅਚਾਨਕ ਤੇਜ਼ੀ ਨਾਲ ਉਤਰਦਾ ਅਤੇ ਕਰੈਸ਼ ਹੁੰਦਾ ਦੇਖਿਆ ਜਾ ਸਕਦਾ ਹੈ। ਇਹ ਜਹਾਜ਼ ਲੁਸ਼ਿਨ ਆਈਲ-76 ਸੀ ਅਤੇ ਇਸ ਦੀ ਲੰਬਾਈ 164 ਫੁੱਟ ਸੀ।
ਕਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਆਰਆਈਏ-ਨੋਵੋਸਤੀ ਸਮਾਚਾਰ ਏਜੰਸੀ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਜਹਾਜ਼ ਵਿਚ 65 ਯੂਕਰੇਨੀ ਸੈਨਿਕ ਸਵਾਰ ਸਨ, ਜਿਨ੍ਹਾਂ ਨੂੰ ਪਹਿਲਾਂ ਬੰਦੀ ਬਣਾ ਲਿਆ ਗਿਆ ਸੀ। ਉਨ੍ਹਾਂ ਨੂੰ ਰੂਸੀ ਸੈਨਿਕਾਂ ਦੀ ਰਿਹਾਈ ਦੇ ਬਦਲੇ ਸਮਝੌਤੇ ਤਹਿਤ ਰਿਹਾਅ ਕੀਤਾ ਜਾ ਰਿਹਾ ਸੀ। ਇਹ ਅਦਲਾ-ਬਦਲੀ ਯੂਕਰੇਨ ਦੀ ਸਰਹੱਦ ‘ਤੇ ਹੋਣੀ ਸੀ। ਜਹਾਜ਼ ਵਿੱਚ ਚਾਲਕ ਦਲ ਦੇ 6 ਮੈਂਬਰ ਅਤੇ 3 ਐਸਕਾਰਟ ਵੀ ਸਵਾਰ ਸਨ।
ਜਨਵਰੀ ਦੀ ਸ਼ੁਰੂਆਤ ‘ਚ ਦੋਹਾਂ ਦੇਸ਼ਾਂ ਵਿਚਾਲੇ 23 ਮਹੀਨਿਆਂ ਤੱਕ ਚੱਲੀ ਜੰਗ ‘ਚ ਸਭ ਤੋਂ ਵੱਡੀ ਕੈਦੀਆਂ ਦੀ ਅਦਲਾ-ਬਦਲੀ ਹੋਈ ਸੀ। ਇਹ ਕੈਦੀ ਅਦਲਾ-ਬਦਲੀ ਯੂਏਈ ਦੇ ਅਧਿਕਾਰੀਆਂ ਦੀ ਵਿਚੋਲਗੀ ਅਤੇ ਨਿਗਰਾਨੀ ਹੇਠ ਹੋਈ। ਇਸ ਦੌਰਾਨ ਰੂਸ ਨੇ 230 ਯੂਕਰੇਨੀ ਨਾਗਰਿਕਾਂ ਨੂੰ ਰਿਹਾਅ ਕੀਤਾ ਸੀ ਅਤੇ ਯੂਕਰੇਨ ਨੇ 248 ਰੂਸੀ ਕੈਦੀਆਂ ਨੂੰ ਰਿਹਾਅ ਕੀਤਾ ਸੀ। ਜੰਗ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕੈਦੀਆਂ ਦੀ ਇਹ 48ਵੀਂ ਅਦਲਾ-ਬਦਲੀ ਸੀ।2016 ਵਿੱਚ ਵੀ ਰੂਸ ਦਾ ਇੱਕ ਫੌਜੀ ਜਹਾਜ਼ ਕਰੈਸ਼ ਹੋ ਗਿਆ ਸੀ। ਰੱਖਿਆ ਮੰਤਰਾਲੇ ਦੇ II-18 ਜਹਾਜ਼ ‘ਚ ਕਰੀਬ 39 ਲੋਕ ਸਵਾਰ ਸਨ। ਇਨ੍ਹਾਂ ‘ਚੋਂ 16 ਲੋਕ ਗੰਭੀਰ ਜ਼ਖਮੀ ਹੋ ਗਏ।
ਇਹ ਚਾਰ ਇੰਜਣਾਂ ਵਾਲਾ ਰਣਨੀਤਕ ਏਅਰਲਿਫਟਰ ਏਅਰਕ੍ਰਾਫਟ ਹੈ। ਇਹ ਇੱਕ ਵਾਰ ਵਿੱਚ 40 ਹਜ਼ਾਰ ਕਿਲੋ ਤੱਕ ਭਾਰ ਚੁੱਕ ਸਕਦਾ ਹੈ। ਇਸ ਦੇ ਤਿੰਨ ਰੂਪ ਹਨ। ਰੂਸ ਵਿੱਚ ਬਣੇ ਇਸ ਜਹਾਜ਼ ਦੀ ਵਰਤੋਂ ਰਾਹਤ ਸਮੱਗਰੀ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਿਜਾਣ ਲਈ ਕੀਤੀ ਜਾਂਦੀ ਹੈ। ਰੂਸ, ਯੂਕਰੇਨ, ਭਾਰਤ ਅਤੇ ਲੀਬੀਆ ਦੀਆਂ ਹਵਾਈ ਫੌਜਾਂ ਵੀ ਇਸ ਜਹਾਜ਼ ਦੀ ਵਰਤੋਂ ਕਰਦੀਆਂ ਹਨ।