1 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਇਸ ਵਾਰ ਪੂਰੀ ਤਰ੍ਹਾਂ ਤੰਬਾਕੂ ਮੁਕਤ ਹੋਵੇਗੀ। ਜੰਮੂ-ਕਸ਼ਮੀਰ ਦੇ ਸਿਹਤ ਵਿਭਾਗ ਨੇ 28 ਜੂਨ ਨੂੰ ਇੱਕ ਹੁਕਮ ਜਾਰੀ ਕੀਤਾ ਹੈ, ਜਿਸ ਵਿੱਚ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਅਮਰਨਾਥ ਯਾਤਰਾ ਨੂੰ ਤੰਬਾਕੂ ਮੁਕਤ ਬਣਾਉਣ ਲਈ ਕਿਹਾ ਗਿਆ ਹੈ। ਹੁਕਮਾਂ ਤਹਿਤ ਯਾਤਰਾ ਦੇ ਸਾਰੇ ਪੜਾਵਾਂ ‘ਤੇ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਗਾਂਦਰਬਲ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਜ਼ਿਲ੍ਹਾ ਸੈੱਲ ਇਸ ਕੰਮ ਵਿੱਚ ਪ੍ਰਸ਼ਾਸਨ ਦੀ ਮਦਦ ਕਰਨਗੇ।

ਇਸ ਤੋਂ ਇਲਾਵਾ ਅਮਰਨਾਥ ਸ਼ਰਾਈਨ ਬੋਰਡ ਨੇ ਵੀ ਨਿਯਮ ਬਣਾਏ ਹਨ, ਜਿਸ ਦੇ ਤਹਿਤ 2.5 ਕਿਲੋਮੀਟਰ ਉੱਚ ਜੋਖਮ ਵਾਲੇ ਰਸਤੇ ‘ਤੇ ਸ਼ਰਧਾਲੂਆਂ ਨੂੰ ਹੈਲਮੇਟ ਪਾਉਣਾ ਹੋਵੇਗਾ। ਸ਼ਰਧਾਲੂਆਂ ਦਾ ਪਹਿਲਾ ਜੱਥਾ ਜੰਮੂ ਭਗਵਤੀ ਨਗਰ ਬੇਸ ਕੈਂਪ ਤੋਂ 30 ਜੂਨ ਨੂੰ ਘਾਟੀ ਲਈ ਰਵਾਨਾ ਹੋਵੇਗਾ। ਇੰਨਾ ਹੀ ਨਹੀਂ ਖੱਚਰ ਰਾਹੀਂ ਜਾਣ ਵਾਲਿਆਂ ਲਈ ਵੀ ਹੈਲਮੇਟ ਜ਼ਰੂਰੀ ਹੋਵੇਗਾ। ਸ਼ਰਾਈਨ ਬੋਰਡ ਵੱਲੋਂ ਹੈਲਮੇਟ ਮੁਫ਼ਤ ਦਿੱਤੇ ਜਾਣਗੇ। ਇਸ ਦੇ ਨਾਲ ਹੀ ਪਹਾੜੀ ਖੇਤਰਾਂ ਵਿੱਚ 30 ਤੋਂ ਵੱਧ ਟ੍ਰੇਂਡ ਪਹਾੜੀ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਸਾਲ 28 ਜੂਨ ਤੱਕ ਲਗਭਗ 3.04 ਲੱਖ ਲੋਕ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਹ ਅੰਕੜਾ ਪਿਛਲੇ ਸਾਲ ਨਾਲੋਂ 10% ਵੱਧ ਹੈ।









