ਚੰਡੀਗੜ੍ਹ, (ਸ਼ਿਕਸ਼ਾ ਕਨੋਜਿਆ): 14 ਫਰਵਰੀ 2019 ਆਹ ਉਹ ਦਿਨ ਹੈ ਜਦੋਂ ਪੂਰਾ ਭਾਰਤ ‘ਪਿਆਰ ਦਾ ਪਰਵ’ ਯਾਨੀ ਵੈਲਨਟਾਈਨ ਡੇ ਮਨਾ ਰਿਹਾ ਸੀ। ਇਕ ਪਾਸੇ ਪਿਆਰ ਦਾ ਇਜ਼ਹਾਰ ਹੋ ਰਿਹਾ ਸੀ ਤੇ ਦੂਜੇ ਪਾਸੇ ਕੁੱਝ ਅਜਿਹਾ ਹੋਇਆ ਜਿਸਨੇ ਪੂਰੇ ਦੇਸ਼ ਨੂੰ ਰਵਾ ਦਿੱਤਾ। ਮਹੁੱਬਤ ਦਾ ਦਿਨ ਕਾਲੇ ਦਿਨ ‘ਚ ਬਦਲ ਗਿਆ। ਦਿਨ ਢਲਦੇ-ਢਲਦੇ ਇਕ ਅਜਿਹੀ ਖ਼ਬਰ ਆਈ ਜਿਸਨੇ ਹਰ ਕਿਸੇ ਝੰਜੋੜ ਦਿੱਤਾ। ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਵੱਡਾ ਅੱਤਵਾਦੀ ਹਮਲਾ ਹੋਇਆ। ਜਿਸ ‘ਚ 40 ਭਾਰਤੀ ਜਵਾਨ ਸ਼ਹੀਦ ਹੋ ਗਏ। ਹਮਲਾ ਵੀ ਇੰਨਾ ਖਤਰਨਾਕ ਸੀ ਕਿ ਕਈ ਸਦੀਆਂ ਬੀਤ ਜਾਣ ਦੇ ਬਾਵਜੂਦ ਵੀ ਆਹ ਜ਼ਖਮ ਕਦੇ ਨਹੀਂ ਭਰ ਸਕਣਗੇ। ਪਲਾਂ ‘ਚ ਕਿਸੇ ਦਾ ਪੁੱਤ, ਕਿਸੇ ਦਾ ਪਤੀ, ਕਿਸੇ ਦਾ ਪਿਓ ਤੇ ਕਿਸੇ ਦਾ ਵੀਰ ਭਾਰਤ ਮਾਂ ਨੂੰ ਪਿਆਰਾ ਹੋ ਗਿਆ। ਹਮਲੇ ਨੂੰ ਹੋਏ ਭਾਵੇਂ 4 ਸਾਲ ਹੋ ਗਏ ਹਨ ਪਰ ਤਕਲੀਫ ਅਜੇ ਵੀ ਹੋਈ ਹੈ। ਇਸ ਦਿਨ ਨੂੰ ਯਾਦ ਕਰਦਿਆਂ ਹੀ ਸ਼ਾਇਦ ਕੋਈ ਅਜਿਹਾ ਭਾਰਤੀ ਹੋਵੇ ਜਿਸਦੀ ਅੱਖਾਂ ‘ਚ ਹੰਝੂ ਨਾ ਆਵੇ। ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਪੂਰਾ ਭਾਰਤ ਨਮ ਅੱਖਾਂ ਨਾਲ ਯਾਦ ਕਰਕੇ ਸ਼ਰਧਾਂਜਲੀ ਦੇ ਰਿਹਾ ਹੈ।

ਨਹੀਂ ਭੁੱਲ ਸਕਦਾ 14 ਫਰਵਰੀ ਦਾ ਕਾਲਾ ਦਿਨ
14 ਫਰਵਰੀ 2019 ਨੂੰ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇ ‘ਤੇ ਸਾਡੇ ਦੇਸ਼ ਦੇ ਜਵਾਨਾਂ ‘ਤੇ ਅੱਤਵਾਦੀਆਂ ਨੇ ਕਾਇਰਾਨਾ ਹਮਲਾ ਕੀਤਾ ਸੀ। ਅੱਤਵਾਦੀਆਂ ਨੇ ਪੂਰੀ ਪਲਾਨਿੰਗ ਨਾਲ ਖੌਫਨਾਕ ਵਾਰਦਾਤ ਨੀ ਅੰਜਾਮ ਦਿੱਤਾ ਸੀ। ਨੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਤੋਂ ਜਦੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਫਲੇ ਦੀ ਬੱਸ ਲੰਘ ਰਹੀ ਸੀ ਤਾਂ ਵਿਸਫੋਟਕ ਨਾਲ ਭਰੀ ਕਾਰ ਨਾਲ ਇਸਨੂੰ ਟੱਕਰ ਮਾਰ ਦਿੱਤੀ। ਧਮਾਕਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। ਇਸ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਹਰ ਤਰਫ ਚੀਕ-ਚਿਹਾੜਾ ਮੱਚ ਗਿਆ ਸੀ। ਜੋ ਤਸਵੀਰਾਂ ਸਾਹਮਣੇ ਆਈਆਂ ਉਸਨੇ ਸਾਰਿਆਂ ਦੇ ਰੌਂਗਟੇ ਖੜੇ ਕਰ ਦਿੱਤੇ ਸਨ।

ਕਿਸ ਨੇ ਲਈ ਹਮਲੇ ਦੀ ਜਿੰਮੇਵਾਰੀ?
ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਜਿਸ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਮਹਿਜ਼ 22 ਸਾਲਾ ਦਾ ਸੀ। ਹਮਲਾ ਕਰਨ ਵਾਲੇ ਵਿਅਕਤੀ ਦੀ ਆਦਿਲ ਅਹਿਮਦ ਡਾਰ ਵਜੋਂ ਹੋਈ ਹੈ। ਉਸ ਨੇ ਵਿਸਫੋਟਕਾਂ ਨਾਲ ਭਰੀ ਗੱਡੀ ਸੀਆਰਪੀਐਫ ਦੇ ਕਾਫਲੇ ਨਾਲ ਟਕਰਾ ਦਿੱਤੀ। ਉਹ ਕਸ਼ਮੀਰ ਦਾ ਰਹਿਣ ਵਾਲਾ ਸੀ। ਬਾਅਦ ਵਿੱਚ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ 2018 ਤੋਂ ਲਾਪਤਾ ਸੀ।

ਸੋਗ ‘ਚ ਡੁੱਬ ਗਿਆ ਸੀ ਭਾਰਤ, ਹਰ ਤਰਫ ਸੀ ਬਦਲੇ ਦੀ ਮੰਗ
ਜਦੋਂ ਇਨ੍ਹਾਂ ਜਵਾਨਾਂ ਦੀਆਂ ਲਾਸ਼ਾਂ ਰਾਜਧਾਨੀ ਦਿੱਲੀ ਲਿਆਂਦੀਆਂ ਗਈਆਂ ਤਾਂ ਉਹ ਦ੍ਰਿਸ਼ ਯਾਦ ਕਰਕੇ ਅੱਖਾਂ ‘ਚ ਅਥਰੂ ਆ ਜਾਂਦੇ ਨੇ। ਇਕ ਬਹੁਤ ਵੱਡੀ ਥਾਂ ‘ਤੇ ਮ੍ਰਿਤਕ ਦੇਹਾਂ ਦੇ ਢੇਰ ਲੱਗੇ ਹੋਏ ਸੀ। ਇਨ੍ਹਾਂ ਹੀ ਨਹੀਂ ਆਮ ਲੋਕਾਂ ਦੇ ਨਾਲ-ਨਾਲ ਕਵਰੇਜ ਕਰ ਰਹੇ ਪੱਤਰਕਾਰਾਂ ਤੇ ਪ੍ਰਧਾਨ ਮੰਤਰੀ ਤੇ ਰਾਸ਼ਰਪਤੀ ਦੀਆਂ ਅੱਖਾਂ ਵੀ ਰੋ ਰਹੀਆਂ ਸਨ। ਪੂਰਾ ਦੇਸ਼ ਸੋਗ ‘ਚ ਡੁੱਬ ਗਿਆ ਸੀ। ਸਿਰਫ ਪਰਿਵਾਰਾਂ ਨੇ ਹੀ ਨਹੀਂ ਪੂਰੇ ਦੇਸ਼ ਨੇ ਆਪਣੇ ਬਹਾਦੁਰ ਜਵਾਨ ਖੋਏ ਸਨ। ਹਰ ਤਰਫ ਬੱਸ ਹੀ ਮੰਗ ਉੱਠ ਰਹੀ ਸੀ ਕਿ ਪਾਕਿਸਤਾਨ ਤੋਂ ਬਦਲਾ ਲਿਆ ਜਾਵੇ। ਦੋਵੇ ਦੇਸ਼ਾਂ ਵਿਚਾਲੇ ਤਣਾਅ ਕਾਫੀ ਵੱਧ ਗਿਆ ਸੀ।

ਬਾਲਾਕੋਟ ਸਰਜੀਕਲ ਸਟ੍ਰਾਈਕ ਤੋਂ ਲਿਆ ਬਦਲਾ
- ਦੂਜੇ ਪਾਸੇ, 18 ਫਰਵਰੀ, 2019 ਨੂੰ, ਭਾਰਤੀ ਫੌਜ ਨੇ ਦਿਨ ਵੇਲੇ ਇੱਕ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਇਸ ਦੌਰਾਨ ਜੰਮੂ-ਕਸ਼ਮੀਰ ਵਿੱਚ ਤਣਾਅ ਕਾਰਨ ਕਈ ਪਾਬੰਦੀਆਂ ਲਾਈਆਂ ਗਈਆਂ। ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਤਣਾਅ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ 26 ਫਰਵਰੀ 2019 ਨੂੰ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਬਾਲਾਕੋਟ ਖੇਤਰ (ਬਾਲਾਕੋਟ ਸਰਜੀਕਲ ਸਟ੍ਰਾਈਕ) ਵਿੱਚ ਇੱਕ ਅੱਤਵਾਦੀ ਟਿਕਾਣੇ ‘ਤੇ ਹਮਲਾ ਕੀਤਾ। ਇਸ ਹਮਲੇ ‘ਚ ਕਈ ਅੱਤਵਾਦੀ ਮਾਰੇ ਗਏ ਸਨ।
- 27 ਫਰਵਰੀ ਨੂੰ, ਪਾਕਿਸਤਾਨ ਦੀ ਹਵਾਈ ਸੈਨਾ ਭਾਰਤ ਨੂੰ ਜਵਾਬ ਦੇਣ ਲਈ ਜੰਮੂ-ਕਸ਼ਮੀਰ ਵਿੱਚ ਦਾਖਲ ਹੋਈ ਅਤੇ ਹਵਾਈ ਹਮਲੇ ਕੀਤੇ। ਜਵਾਬ ਵਿੱਚ ਭਾਰਤੀ ਹਵਾਈ ਸੈਨਾ ਵੀ ਉਤਰੀ। ਹਾਲਾਂਕਿ ਇਸ ਦੌਰਾਨ ਭਾਰਤੀ ਮਿਗ-21 ਪਾਕਿਸਤਾਨੀ ਫੌਜ ਦੇ ਹਮਲੇ ਦੀ ਲਪੇਟ ‘ਚ ਆ ਕੇ ਪਾਕਿਸਤਾਨ ‘ਚ ਡਿੱਗ ਪਿਆ। ਇਸ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨੇ ਮਿਗ-21 ਦੇ ਪਾਇਲਟ ਅਭਿਨੰਦਨ ਵਰਧਮਾਨ ਨੂੰ ਫੜ ਲਿਆ।
- 1 ਮਾਰਚ 2019 ਨੂੰ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਦਬਾਅ ਕਾਰਨ ਪਾਕਿਸਤਾਨੀ ਫੌਜ ਨੇ ਅਭਿਨੰਦਰ ਵਰਧਮਾਨ ਨੂੰ ਰਿਹਾਅ ਕਰ ਦਿੱਤਾ।
- ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਸਾਰੇ ਵਪਾਰਕ ਸਬੰਧ ਖ਼ਤਮ ਕਰ ਦਿੱਤੇ ਸਨ। ਇੰਨਾ ਹੀ ਨਹੀਂ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵੀ ਭਾਰਤ ਤੋਂ ਵਾਪਸ ਲੈ ਲਿਆ ਗਿਆ ਸੀ। ਇਸ ਕਾਰਨ ਪਾਕਿਸਤਾਨ ਨੂੰ ਆਰਥਿਕ ਮੋਰਚੇ ‘ਤੇ ਕਾਫੀ ਨੁਕਸਾਨ ਉਠਾਉਣਾ ਪਿਆ।
ਅਜੇ ਤੱਕ ਵੀ ਨਹੀਂ ਭਰੇ ਜ਼ਖਮ
ਭਾਵੇਂ ਇਸ ਹਮਲੇ ਨੂੰ 4 ਸਾਲ ਹੋ ਗਏ ਹਨ ਪਰ ਅਜੇ ਤੱਕ ਇਹ ਜ਼ਖਮ ਨਹੀਂ ਭਰੇ ਤੇ ਸ਼ਾਇਦ ਕਦੇ ਭਰੇ ਵੀ ਨਾ ਜਾਣ। ਸ਼ਹੀਦ ਜਵਾਨਾਂ ਦੇ ਪਰਿਵਾਰ ਹਾਲੇ ਤੱਕ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੇ ਪਰ ਫਿਰ ਵੀ ਉਨ੍ਹਾਂ ਨੂੰ ਮਾਨ ਹੈ ਕਿ ਉਨ੍ਹਾਂ ਦਾ ਬੱਚਾ ਦੇਸ਼ ਲਈ ਕੁਰਬਾਨ ਹੋਇਆ ਹੈ। ਅਸੀਂ ਸਾਰੇ ਜਾਂਬਾਜ਼ ਜਵਾਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਕਦੇ ਨਹੀਂ ਦੇ ਸਕਦੇ। ਸਕਰੋਲ ਪੰਜਾਬ ਵੱਲੋਂ ਸਾਡੇ ਸ਼ਹੀਦ ਜਵਾਨਾਂ ਨੂੰ ਦਿਲੋਂ ਸਲਾਮ













