ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ੍ਰੀ ਰਾਮ ਨੌਮੀ ਦੇ ਪਵਿੱਤਰ ਮੌਕੇ ‘ਤੇ ਪਵਿੱਤਰ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਭਗਵਾਨ ਰਾਮ ਦੇ ਜਨਮ ਦਿਹਾੜੇ ‘ਰਾਮ ਨੌਮੀ’ ਦੇ ਸ਼ੁਭ ਮੌਕੇ ‘ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਵਿੱਤਰ ਮੌਕਾ ਮਾਨਵੀ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੋਣ ਦੇ ਨਾਲ-ਨਾਲ ਲੋਕਾਂ ਨੂੰ ਭਗਵਾਨ ਰਾਮ ਵੱਲੋਂ ਸਿਖਾਈਆਂ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਅਪਨਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਨੇ ਇਕ ਖ਼ੁਸ਼ਹਾਲ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਲਈ ਸਾਨੂੰ ਆਦਰਸ਼ ਅਤੇ ਸਦਾਚਾਰਕ ਜੀਵਨ ਦਾ ਮਾਰਗ ਦਿਖਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪਵਿੱਤਰ ਮੌਕੇ ਨਾ ਸਿਰਫ਼ ਲੋਕਾਂ ਵਿੱਚ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਪ੍ਰਫੁੱਲਤ ਕਰਦੇ ਹਨ, ਸਗੋਂ ਬੇਅੰਤ ਖ਼ੁਸ਼ੀ ਅਤੇ ਖੁਸ਼ਹਾਲੀ ਦੀ ਰਹਿਮਤ ਦਾ ਸਬੱਬ ਵੀ ਬਣਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਨੂੰ ਜਾਤ-ਪਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉੱਠ ਕੇ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨਾਲ ਮਨਾਉਣ। ਇਸ ਦੌਰਾਨ ਮੰਦਿਰ ਵਿਖੇ ਭਗਵੰਤ ਮਾਨ ਨੇ ਸੂਬੇ ਦੀ ਸੇਵਾ ਹੋਰ ਜੋਸ਼ ਅਤੇ ਲਗਨ ਨਾਲ ਕਰਨ ਲਈ ਮਾਂ ਦੁਰਗਾ ਤੋਂ ਆਸ਼ੀਰਵਾਦ ਲਿਆ।












