ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਬੀਐੱਸਸੀ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਚੱਲ ਰਿਹਾ ਧਰਨਾ ਹਿੰਸਕ ਹੋ ਗਿਆ। ਯੂਨੀਵਰਸਿਟੀ ਦੇ ਮੈਡੀਕਲ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਕਰ ਦਿੱਤਾ ਅਤੇ ਫੈਕਲਟੀ ਨੂੰ ਅੰਦਰ ਆਉਣ ਤੋਂ ਰੋਕ ਦਿੱਤਾ। ਸਥਿਤੀ ਵਿਗੜਦੀ ਦੇਖ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਵੱਡੀ ਗਿਣਤੀ ‘ਚ ਪੁੱਜੀ ਮਹਿਲਾ ਪੁਲਿਸ ਫੋਰਸ ਨੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਵਾਲੀ ਥਾਂ ਤੋਂ ਭਜਾ ਦਿੱਤਾ। ਇਸ ਦੌਰਾਨ ਕਈ ਵਿਦਿਆਰਥਣਾਂ ਨੇ ਧਰਨੇ ਵਾਲੀ ਥਾਂ ’ਤੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਹੈ।
ਵਿਦਿਆਰਥਣਾਂ ਦਾ ਦੋਸ਼ ਹੈ ਕਿ ਉਹ ਜੰਮੂ-ਕਸ਼ਮੀਰ ਤੋਂ ਹਨ ਅਤੇ ਯੂਨੀਵਰਸਿਟੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਸਾਲ 2020 ਵਿੱਚ, ਬਹੁਤ ਸਾਰੀਆਂ ਵਿਦਿਆਰਥਣਾਂ ਨੇ B.Sc ਨਰਸਿੰਗ ਵਿੱਚ ਦਾਖਲਾ ਲਿਆ ਸੀ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਭਗਤ ਯੂਨੀਵਰਸਿਟੀ ਦੀ ਡਿਗਰੀ ਦੇਣ ਦੀ ਗੱਲ ਕਹੀ ਗਈ ਸੀ ਪਰ ਡਿਗਰੀ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਡਾ: ਲਾਲ ਸਿੰਘ ਮੈਮੋਰੀਅਲ ਕਾਲਜ ਦੀ ਡਿਗਰੀ ਦਿੱਤੀ ਜਾ ਰਹੀ ਹੈ, ਪਿਛਲੇ ਇੱਕ ਹਫ਼ਤੇ ਤੋਂ ਜੰਮੂ-ਕਸ਼ਮੀਰ ਦੀਆਂ ਵਿਦਿਆਰਥਣਾਂ ਮਾਨਤਾ ਪ੍ਰਾਪਤ ਡਿਗਰੀਆਂ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।
ਡੀਐਸਪੀ ਰੁਪਿੰਦਰ ਕੌਰ ਤੇ ਹੋਰ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਸ਼ਾਂਤ ਕੀਤਾ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ ਡਾ: ਲਾਲ ਸਿੰਘ ਮੈਮੋਰੀਅਲ ਕਾਲਜ ਦੀਆਂ 56 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਦੇਣ ਲਈ ਕਿਹਾ ਸੀ ਪਰ ਵਿਦਿਆਰਥੀ ਆਪਣੀ ਮੰਗ ‘ਤੇ ਅੜੇ ਹੋਏ ਹਨ |












