ਖੰਨਾ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਧਦੀ ਚੌਕਸੀ ਦਰਮਿਆਨ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ ਅਫੀਮ ਬਰਾਮਦ ਕੀਤੀ ਹੈ। ਇਨ੍ਹਾਂ ਤਸਕਰਾਂ ਕੋਲੋਂ 1 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। ਇਹ ਚਾਰੇ ਤਸਕਰ ਇੱਕ ਆਈ-20 ਕਾਰ ਵਿੱਚ ਜਾ ਰਹੇ ਸਨ, ਜਿਨ੍ਹਾਂ ਨੂੰ ਮਿਲਟਰੀ ਗਰਾਊਂਡ ਨੇੜਿਓਂ ਫੜ ਲਿਆ ਗਿਆ। ਦੋ ਤਸਕਰ ਯੂਪੀ ਅਤੇ ਦੋ ਖੰਨਾ ਦੇ ਰਹਿਣ ਵਾਲੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਚੋਣਾਂ ਦਰਮਿਆਨ ਨਸ਼ਿਆਂ ਦੀ ਇਹ ਖੇਪ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ।
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ 2 ਦੇ ਐਸਐਚਓ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਅਮਲੋਹ ਰੋਡ ਚੌਕ ਨੇੜੇ ਮਿਲਟਰੀ ਗਰਾਊਂਡ ਦੇ ਸਾਹਮਣੇ ਨਾਕਾਬੰਦੀ ’ਤੇ ਮੌਜੂਦ ਸੀ ਤਾਂ ਇਸ ਦੌਰਾਨ ਇੱਕ ਸੁਨਹਿਰੀ ਰੰਗ ਦੀ ਆਈ-20 ਕਾਰ ਜਿਸ ਵਿੱਚ ਦਿੱਲੀ ਨੰਬਰ ਸੀ. ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ।
ਕਾਰ ਵਿੱਚ ਸੁਧੀਰ ਕੁਮਾਰ ਤੇ ਸੌਰਵ ਵਾਸੀ ਬਰੇਲੀ (ਯੂ.ਪੀ.), ਰੌਸ਼ਨ ਲਾਲ ਵਾਸੀ ਦਾਊਮਾਜਰਾ ਅਤੇ ਮਨਪ੍ਰੀਤ ਸਿੰਘ ਵਾਸੀ ਪੀਰਖਾਨਾ ਰੋਡ ਖੰਨਾ ਸਵਾਰ ਸਨ। ਕਾਰ ਦੇ ਡੈਸ਼ਬੋਰਡ ‘ਚੋਂ 3 ਕਿਲੋ ਅਫੀਮ ਅਤੇ 1 ਲੱਖ ਰੁਪਏ ਬਰਾਮਦ ਹੋਏ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੋਸ਼ਨ ਲਾਲ ਅਤੇ ਮਨਪ੍ਰੀਤ ਸਿੰਘ ਵਾਸੀ ਖੰਨਾ ਦੇ ਸਬੰਧ ਬਰੇਲੀ ਦੇ ਨਸ਼ਾ ਤਸਕਰ ਸੁਧੀਰ ਅਤੇ ਸੌਰਵ ਨਾਲ ਸਨ। ਜਿਸ ਤੋਂ ਬਾਅਦ ਅਫੀਮ ਦੀ ਖੇਪ ਨੂੰ ਖੰਨਾ ਲਿਆਂਦਾ ਗਿਆ। ਇਸ ਨੂੰ ਖੰਨਾ ‘ਚ ਸਪਲਾਈ ਕੀਤਾ ਜਾਣਾ ਸੀ।
ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਹ ਨਸ਼ੇ ਦੀ ਖੇਪ ਕਿੱਥੋਂ ਲੈ ਕੇ ਆਏ ਸਨ ਅਤੇ ਕਿੱਥੇ ਸਪਲਾਈ ਕਰਨੇ ਸਨ। ਇਸ ਦਾ ਚੋਣਾਂ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।