ਪਾਕਿਸਤਾਨ ਦੀ ਹਕੂਮਤ ਵਿੱਚ ਪੂਰੀ ਤਰ੍ਹਾਂ ਬੱਵਾਲ ਚੱਲ ਰਿਹਾ ਹੈ, ਪਰ ਭਾਰਤ ਨੇ ਇਸ ਦੌਰਾਨ ਦੋਸਤੀ ਦਾ ਸੁਨੇਹਾ ਦਿੱਤਾ ਹੈ। 45 ਸਾਲਾਂ ਪਾਕਿਸਤਾਨੀ ਵਿਅਕਤੀ ਭਾਰਤੀ ਸੀਮਾ ਵਿੱਚ ਦਾਖਿਲ ਹੋਇਆ। ਮਾਨਸਿਕ ਸੰਤੁਲਨ ਠੀਕ ਨਹੀਂ ਹੋਣ ਦੀ ਸਥਿਤੀ ਵਿੱਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਜਾਂਚ-ਪੜਤਾਲ ਦੇ ਬਾਅਦ ਨੌਜਵਾਨ ਨੂੰ ਦੇਰ ਰਾਤ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰ ਦਿੱਤਾ। ਘਟਨਾ ਅੰਮ੍ਰਿਤਸਰ ਦੇ ਰਾਮਦਾਸ ਦੀ ਬੀਓਪੀ ਕੋਟ ਰਾਜਦਾ ਦੀ ਹੈ।
ਬੀਐਸਐਫ ਦੀ ਬਟਾਲੀਅਨ 73 ਬੀਓਪੀ ਕੋਟ ਰਾਜਦਾ ਵਿੱਚ ਗਸ਼ਤ ’ਤੇ ਸੀ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਕੁਝ ਹਿਲਜੁਲ ਦੇਖੀ। ਇੱਕ ਜਵਾਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਰਿਹਾ ਸੀ। ਬੀਐਸਐਫ ਦੇ ਜਵਾਨਾਂ ਨੇ ਤੁਰੰਤ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਨੌਜਵਾਨ ਦੀ ਪਛਾਣ ਮਸਤਾਨ ਉਰਫ਼ ਬਾਬਾ (45) ਵਾਸੀ ਪਾਕਿਸਤਾਨ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਨੌਜਵਾਨ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ।
ਮਾਨਸਿਕ ਸੰਤੁਲਨ ਨਾ ਹੋਣ ਕਾਰਨ ਬੀਐਸਐਫ ਨੇ ਉਸ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਸ਼ਨੀਵਾਰ ਰਾਤ ਨੂੰ ਹੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਮਸਤਾਨ ਨੂੰ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ।












