ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀ ਐਸ.ਵਾਈ.ਐਲ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਚਲੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਸੀ। ਤਾਜ਼ਾ ਜਾਣਕਾਰੀ ਮੁਤਾਬਕ ਇਹ ਮਹਾ-ਡਿਬੇਟ 1 ਨਵੰਬਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ‘ਚ ਹੋਵੇਗੀ। ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਬੁਕਿੰਗ ਕਰਵਾਈ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਬਹਿਸ ਟੈਗੋਰ ਥੀਏਟਰ ‘ਚ ਕਰਵਾਈ ਜਾਣੀ ਸੀ ਪਰ ਟੈਗੋਰ ਥੀਏਟਰ ਨੇ ਸਿਆਸੀ ਪ੍ਰੋਗਰਾਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਟਵੀਟ ਕਰ ਕੇ ਕਿਹਾ ਗਿਆ ਸੀ ਕਿ “ਮੇਰਾ ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਖੁੱਲ੍ਹਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਲਾਈਵ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ ਟੋਲ ਪਲਾਜੇ, ਜਵਾਨੀ ਕਿਸਾਨੀ, ਵਪਾਰ-ਦੁਕਾਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ..ਸਭ ਮੁੱਦਿਆਂ ‘ਤੇ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..”












