ਚੰਡੀਗੜ੍ਹ, 16 ਜੂਨ, 2022: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪਟਿਆਲਾ, ਬਨੂੜ,ਮੁਹਾਲੀ ਸਮੇਤ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ‘ਚ ਮੀਂਹ ਪੈਣ ਨਾਲ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਅੱਜ 16 ਜੂਨ ਵੱਡੇ ਤੜਕੇ 3 ਵਜੇ ਦੇ ਕਰੀਬ ਪਟਿਆਲਾ, ਲੁਧਿਆਣਾ, ਸਮੇਤ ਕਈ ਹੋਰ ਜ਼ਿਲ੍ਹਿਆਂ ‘ਚ ਮੀਂਹ ਪਿਆ ਜਦੋਂ ਕਿ ਰਾਤ ਵੇਲੇ ਬਨੂੜ, ਚੰਡੀਗੜ੍ਹ, ਜ਼ੀਰਕਪੁਰ ਤੇ ਹੋਰ ਇਲਾਕਿਆਂ ਵਿਚ ਭਾਰੀ ਮੀਂਹ ਪਿਆ।
ਬੀਤੇ ਦਿਨ 15 ਜੂਨ ਨੂੰ ਦੁਪਹਿਰ ਵੇਲੇ ਪੈ ਰਹੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ, ਜਿਸ ਦੌਰਾਨ ਵੱਧ ਤੋਂ ਵੱਧ ਪਾਰਾ 44 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ। ਜਦੋਂ ਕਿ ਸ਼ਾਮ 7.30 ਵਜੇ ਦੇ ਕਰੀਬ ਮੌਸਮ ‘ਚ ਅਚਾਨਕ ਬਦਲਾਅ ਆਇਆ। ਇਸ ਦੌਰਾਨ ਧੂੜ ਭਰੀ ਹਨੇਰੀ ਚੱਲੀ ਅਤੇ ਅਸਮਾਨ ‘ਚ ਬੱਦਲ ਛਾਏ ਰਹਿਣ ਨਾਲ ਕੜਾਕੇ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ।
ਮੌਸਮ ਵਿਭਾਗ ਅਨੁਸਾਰ 19 ਜੂਨ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਗਰਜ ਅਤੇ ਮੀਂਹ ਦੀ ਸੰਭਾਵਨਾ ਹੈ ਅਤੇ ਬੱਦਲ ਛਾਏ ਰਹਿਣਗੇ। ਜਦਕਿ ਗਰਮੀ ਤੋਂ ਰਾਹਤ ਮਿਲੇਗੀ।