ਹਲਵਾਰਾ ਦੇ ਜੋਧਾਂ ਥਾਣਾ ਦੇ ਪਿੰਡ ਪਮਾਲੀ ‘ਚ ਵੀਰਵਾਰ ਰਾਤ 10 ਵਜੇ ਦੋ ਬੁਲੇਟ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ 5 ਨੌਜਵਾਨਾਂ ਨੇ ਇਕ ਨੌਜਵਾਨ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਪੀੜਤ ਇੰਦਰਜੀਤ ਅਹਿਮਦਗੜ੍ਹ ਮੰਡੀ ਦੇ ਪਿੰਡ ਪੋਹੀੜ ਤੋਂ ਟਰੱਕ ਮਕੈਨਿਕ ਦੀ ਸਿਖਲਾਈ ਲੈ ਕੇ ਪਿੰਡ ਪਮਾਲੀ ਆ ਰਿਹਾ ਸੀ।
ਦੱਸ ਦਈਏ ਜਿਵੇਂ ਹੀ ਇੰਦਰਜੀਤ ਨੇ ਕਾਰ ਨੂੰ ਖੇਤਾਂ ‘ਚ ਬਣੇ ਆਪਣੇ ਘਰ ਵੱਲ ਮੋੜਿਆ ਤਾਂ ਘੇਰੇ ‘ਚ ਬੈਠੇ ਉਸ ਦੇ ਪਿੰਡ ਦੇ ਹੀ ਚਾਰ ਨੌਜਵਾਨਾਂ ਨੇ ਇਕ ਹੋਰ ਦੋਸਤ ਨਾਲ ਮਿਲ ਕੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀ ਕਾਰ ‘ਤੇ ਕਈ ਰਾਉਂਡ ਫਾਇਰ ਹੋਏ। ਇੱਕ ਗੋਲੀ ਕਾਰ ਦੇ ਸ਼ੀਸ਼ੇ ਅਤੇ ਸੀਟ ਨੂੰ ਵਿੰਨ੍ਹ ਕੇ ਇੰਦਰਜੀਤ ਸਿੰਘ ਦੇ ਪਿਛਲੇ ਪਾਸੇ ਲੱਗੀ। ਗੋਲੀਬਾਰੀ ਕਰਨ ਤੋਂ ਬਾਅਦ ਪੰਜੇ ਨੌਜਵਾਨ ਫ਼ਰਾਰ ਹੋ ਗਏ।
ਗੰਭੀਰ ਜ਼ਖਮੀ ਇੰਦਰਜੀਤ ਸਿੰਘ ਨੂੰ ਪਹਿਲਾਂ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਦੀ ਹਾਲਤ ਖਰਾਬ ਹੋਣ ਕਰਕੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇੰਦਰਜੀਤ ਦਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਪਰ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਥਾਣਾ ਜੋਧਾਂ ਵਿਖੇ ਗੁਰਪ੍ਰੀਤ ਸਿੰਘ ਗੁਰੀ, ਸਿਮਰਨ ਸਿੰਘ, ਨਰਿੰਦਰ ਸਿੰਘ, ਜਗਦੀਪ ਸਿੰਘ ਸਾਰੇ ਵਾਸੀ ਪਮਾਲੀ ਅਤੇ ਜਗਜੀਤ ਸਿੰਘ ਵਾਸੀ ਲਲਤੋਂ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਟਰੈਕਟਰ ਟੋਇੰਗ ਮੁਕਾਬਲਿਆਂ ਨੂੰ ਲੈ ਕੇ ਸ਼ੁਰੂ ਹੋਈ ਰੰਜਿਸ਼ ਨੇ ਵੀਰਵਾਰ ਰਾਤ ਨੂੰ ਖੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ ਅਤੇ 25 ਸਾਲਾ ਇੰਦਰਜੀਤ ਸਿੰਘ ਦੀ ਜਾਨ ਨੂੰ ਖਤਰਾ ਬਣ ਗਿਆ। ਇੰਦਰਜੀਤ ਹਰ ਰੋਜ਼ ਰਾਤ 9-10 ਵਜੇ ਪੋਹੀੜ ਤੋਂ ਘਰ ਪਰਤਦਾ ਹੈ। ਹਮਲਾਵਰ ਉਸ ਦੇ ਰੁਟੀਨ ਤੋਂ ਜਾਣੂ ਸਨ। ਵੀਰਵਾਰ ਰਾਤ ਨੂੰ ਜਦੋਂ ਇੰਦਰਜੀਤ ਆਪਣੀ ਕਾਰ ਵਿਚ ਘਰ ਪਰਤਿਆ ਤਾਂ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ।
ਜਾਣਕਾਰੀ ਦਿੰਦਿਆ ਥਾਣਾ ਜੋਧਾਂ ਦੀ ਇੰਚਾਰਜ ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।