ਬਠਿੰਡਾ : ਖ਼ਬਰ ਬਠਿੰਡਾ ਦੇ ਪਿੰਡ ਸੰਗਤ ਕਲਾਂ ਤੋਂ ਹੈ,ਜਿੱਥੇ ਇਕ ਸਿਰਸਾ ਦੀ ਰਹਿਣ ਵਾਲੀ ਔਰਤ ਆਪਣੇ ਰਿਸ਼ਤੇਦਾਰ ਦੇ ਦੋ ਸਾਲ ਦੇ ਬੱਚੇ ਨੂੰ ਘਰੋਂ ਅਗਵਾ ਕਰਕੇ ਆਪਣੇ ਨਾਲ ਲੈ ਗਈ ਹੈ। ਅਗਵਾ ਹੋਏ ਬੱਚੇ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਸੰਗਤ ਦੀ ਪੁਲਿਸ ਨੇ ਦੋਸ਼ੀ ਔਰਤ ‘ਤੇ ਅਗਵਾ ਦਾ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅੰਗਰੇਜ਼ ਸਿੰਘ ਵਾਸੀ ਪਿੰਡ ਸੰਗਤ ਕਲਾਂ ਨੇ ਦੱਸਿਆ ਕਿ ਮੁਲਜ਼ਮ ਕਰਮਜੀਤ ਕੌਰ ਵਾਸੀ ਪਿੰਡ ਬਾਣੀ ਜ਼ਿਲ੍ਹਾ ਸਿਰਸਾ ਹਰਿਆਣਾ ਉਸ ਦੇ ਮਾਮੇ ਦੀ ਨੂੰਹ ਹੈ। ਬੀਤੀ 14 ਦਸੰਬਰ ਨੂੰ ਉਹ ਸੰਗਤ ਕਲਾਂ ਸਥਿਤ ਉਸ ਦੇ ਘਰ ਉਸ ਨੂੰ ਮਿਲਣ ਆਈ ਸੀ।
ਇਸ ਦੌਰਾਨ ਉਹ ਬੱਚੇ ਨੂੰ ਕੱਪੜੇ ਆਦਿ ਦਿਵਾਉਣ ਲਈ ਬਜ਼ਾਰ ਵਿਚ ਲੈ ਗਈ। ਇਸ ਦੌਰਾਨ ਉਹ ਅੱਖ ਬਚਾ ਕੇ ਬੱਚੇ ਨੂੰ ਚੁੱਕ ਕੇ ਕਿਧਰੇ ਚਲੀ ਗਈ। ਪੀੜਤ ਮਾਂ ਕਾਫ਼ੀ ਸਮਾਂ ਉਸ ਨੂੰ ਉਡੀਕਦੀ ਰਹੀ ਪਰ ਜਦੋਂ ਉਕਤ ਔਤਰ ਬੱਚੇ ਸਮੇਤ ਵਾਪਿਸ ਨਾ ਆਈ ਤਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।