ਲੁਧਿਆਣਾ ਦੇ ਜਗਰਾਓਂ ‘ਚ ਪੰਜਾਬ ਰੋਡਵੇਜ਼ ਦੀ ਬੱਸ ਨੇ ਇਕ ਔਰਤ ਨੂੰ ਕੁਚਲ ਦਿੱਤਾ। ਔਰਤ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਥਾਣਾ ਸਿਟੀ ਜਗਰਾਉਂ ਨੇ ਮੁਲਜ਼ਮ ਬੱਸ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 279, 304-ਏ ਤਹਿਤ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਔਰਤ ਦੇ ਪਿਤਾ ਨੇ ਦੱਸਿਆ ਕਿ ਉਹ ਪਿੰਡ ਭੁੱਟਾ ਥਾਣਾ ਡੇਹਲੋਂ ਦਾ ਵਸਨੀਕ ਹੈ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਗੁਰਦੀਪ ਕੌਰ (35) ਬਿਮਾਰ ਹੋਣ ਕਰਕੇ ਉਸ ਦੇ ਨਾਲ ਜਗਰਾਉਂ ਦਵਾਈ ਲੈਣ ਗਈ ਸੀ।
ਉਹ ਦਵਾਈ ਲੈ ਕੇ ਆਪਣੀ ਧੀ ਨੂੰ ਲੈ ਕੇ ਜਗਰਾਓਂ ਬੱਸ ਸਟੈਂਡ ਤੋਂ ਪੰਜਾਬ ਰੋਡਵੇਜ਼ ਦੀ ਬੱਸ ਵਿਚ ਸਵਾਰ ਹੋ ਕੇ ਲੁਧਿਆਣਾ ਆ ਰਹੇ ਸਨ ਤਾਂ ਉਸ ਦੀ ਲੜਕੀ ਅੱਗੇ ਖੜੀ ਸੀ। ਗੁਰਦੀਪ ਕੌਰ ਨੇ ਬੱਸ ਦੀ ਖਿੜਕੀ ਫੜੀ ਹੋਈ ਸੀ। ਇਸ ਦੌਰਾਨ ਉਸਦਾ ਇੱਕ ਪੈਰ ਬੱਸ ਦੇ ਅੰਦਰ ਅਤੇ ਦੂਜਾ ਬਾਹਰ ਸੀ। ਇਸ ਦੌਰਾਨ ਬੱਸ ਡਰਾਈਵਰ ਨੇ ਬੱਸ ਭਜਾ ਲਈ, ਜਿਸ ਕਰਕੇ ਉਸ ਦੀ ਬੇਟੀ ਬੱਸ ਤੋਂ ਹੇਠਾਂ ਡਿੱਗ ਗਈ। ਬੱਸ ‘ਚ ਸਵਾਰ ਸਵਾਰੀਆਂ ਨੇ ਕਾਫੀ ਰੌਲਾ ਪਾਇਆ ਤਾਂ ਡਰਾਈਵਰ ਨੇ ਬੱਸ ਨੂੰ ਪਿੱਛੇ ਕਰਦੇ ਹੋਏ ਉਨ੍ਹਾਂ ਦੀ ਬੇਟੀ ਨੂੰ ਕੁਚਲ ਦਿੱਤਾ। ਬੱਸ ਦਾ ਅਗਲਾ ਟਾਇਰ ਗੁਰਦੀਪ ਕੌਰ ਦੇ ਉਪਰੋਂ ਲੰਘ ਗਿਆ।
ਮੁਲਜ਼ਮ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਗੁਰਦੀਪ ਕੌਰ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਜਗਰਾਉਂ ਲਿਜਾਇਆ ਗਿਆ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ। ਉਹ ਆਪਣੀ ਧੀ ਗੁਰਦੀਪ ਨਾਲ ਡੀਐਮਸੀ ਹਸਪਤਾਲ ਪਹੁੰਚਿਆ। ਜਿੱਥੇ ਉਸ ਦੀ ਮੌਤ ਹੋ ਗਈ। ਗੁਰਦੀਪ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।