ਕਹਿੰਦੇ ਹਨ ਕਿ ਮਾਂ ਸਿਰਫ ਮਾਂ ਹੁੰਦੀ ਹੈ। ਉਸਦੀ ਮਮਤਾ ਸਿਰਫ ਆਪਣੇ ਹੀ ਨਹੀਂ ਦੂਜਿਆਂ ਦੇ ਬੱਚਿਆਂ ਲਈ ਵੀ ਓਹਨੀ ਹੀ ਹੁੰਦੀ ਹੈ। ਅਜਿਹਾ ਹੀ ਇਕ ਮਾਮਲਾ ਗ੍ਰੇਟਰ ਨੋਇਡਾ ‘ਚ ਸਾਹਮਣੇ ਆਇਆ ਹੈ। ਜਿੱਥੇ ਇੱਕ ਐਸਐਚਓ ਦੀ ਪਤਨੀ ਨੇ ਨਵਜੰਮੀ ਬੱਚੀ ਨੂੰ ਆਪਣਾ ਦੁੱਧ ਪਿਲਾਇਆ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿੱਚ ਸੁਧਾਰ ਹੋਇਆ। ਦਰਅਸਲ ਗ੍ਰੇਟਰ ਨੋਇਡਾ ਵਿੱਚ ਮਾਪਿਆਂ ਨੇ ਆਪਣੀ ਨਵਜੰਮੀ ਬੱਚੀ ਨੂੰ ਕੜਾਕੇ ਦੀ ਠੰਢ ਵਿੱਚ ਝਾੜੀਆਂ ਵਿੱਚ ਛੱਡ ਦਿੱਤਾ। ਜਦੋਂ ਪੁਲਿਸ ਨੇ ਬੱਚੀ ਨੂੰ ਠੰਢ ਅਤੇ ਭੁੱਖ ਕਾਰਨ ਤੜਫਦੀ ਦੇਖਿਆ ਤਾਂ ਉਸ ਦੀ ਹਾਲਤ ਕਾਫੀ ਖਰਾਬ ਸੀ। ਜਿਸ ਤੋਂ ਬਾਅਦ ਮਹਿਲਾ ਨੇ ਇਨਸਾਨੀਅਤ ਦੀ ਮਿਸਾਲ ਦਿੱਤੀ।
ਪ੍ਰਾਪਤ ਜਾਣਕਾਰੀ ਅਨੁਸਾਰ 20 ਦਸੰਬਰ ਨੂੰ ਨਾਲੇਜ ਪਾਰਕ ਇਲਾਕੇ ਵਿੱਚ ਝਾੜੀਆਂ ਵਿੱਚੋਂ ਇੱਕ ਬੱਚੀ ਮਿਲੀ ਸੀ। ਜਿਵੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਉਸ ਨੂੰ ਥਾਣੇ ਲੈ ਆਏ। ਬੱਚੀ ਠੰਢ ਅਤੇ ਭੁੱਖ ਕਾਰਨ ਰੋ ਰਹੀ ਸੀ ਅਤੇ ਉਸ ਦੀ ਹਾਲਤ ਬਹੁਤ ਖਰਾਬ ਸੀ। ਫਿਰ ਐਸਐਚਓ ਦੀ ਪਤਨੀ ਜੋਤੀ ਸਿੰਘ ਨੇ ਉਸ ਨੂੰ ਆਪਣਾ ਦੁੱਧ ਚੁੰਘਾਇਆ ਅਤੇ ਉਸ ਦੀ ਜਾਨ ਬਚਾਈ।ਜੋਤੀ ਸਿੰਘ ਨੇ ਦੱਸਿਆ ਕਿ ਕਿਸੇ ਨੇ ਬੱਚੀ ਨੂੰ ਸ਼ਾਰਦਾ ਹਸਪਤਾਲ ਨੇੜੇ ਝਾੜੀਆਂ ਵਿਚ ਸੁੱਟ ਦਿੱਤਾ ਸੀ। ਉਸ ਨੇ ਕਿਹਾ, ”ਮੈਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਮਾਸੂਮ ਬੱਚੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ।ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਕੜਾਕੇ ਦੀ ਠੰਢ ‘ਚ ਬੱਚੀ ਨੂੰ ਝਾੜੀਆਂ ‘ਚ ਕਿਸ ਨੇ ਛੱਡਿਆ। ਪਰ ਐੱਸਐੱਚਓ ਦੀ ਪਤਨੀ ਵੱਲੋਂ ਦਿਖਾਈ ਗਈ ਦਰਿਆਦਿਲੀ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।












