ਸੰਕੇਤ ਸਰਗਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਪਹਿਲਾ ਤਮਗਾ ਜਿੱਤਿਆ ਹੈ। ਉਸ ਨੇ ਵੇਟਲਿਫਟਿੰਗ ਦੇ 55 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2022 ‘ਚ 55 ਕਿੱਲੋ ਭਾਰ ਵਰਗ ‘ਚ ਚਾਂਦੀ ਦਾ ਤਗਮਾ ਜਿੱਤਣ ‘ਤੇ ਵੇਟਲਿਫਟਰ ਸੰਕੇਤ ਸਰਗਰ ਨੂੰ ਮੁਬਾਰਕਬਾਦ ਦਿੱਤੀ ਉਨ੍ਹਾਂ ਟਵੀਟ ਕੀਤਾ ਕਿ “ਸੰਕੇਤ ਸਰਗਰ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣਾ ਭਾਰਤ ਲਈ ਸ਼ਾਨਦਾਰ ਸ਼ੁਰੂਆਤ ਹੈ। ਉਸ ਨੂੰ ਵਧਾਈ ਅਤੇ ਭਵਿੱਖ ਦੇ ਸਾਰੇ ਯਤਨਾਂ ਲਈ ਸ਼ੁਭਕਾਮਨਾਵਾਂ।”

ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਸੰਕੇਤ ਸਰਗਰ ਨੇ ਕਿਹਾ, “ਅਸੀਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ। ਮੈਂ ਇਹ ਤਮਗਾ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਕਰਦਾ ਹਾਂ।”

ਸੰਕੇਤ ਦੇ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ, ਉਸ ਦੇ ਪਿਤਾ ਮਹਾਦੇਵ ਸਰਗਰ ਨੇ ਕਿਹਾ, “ਸਾਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬੇਟੇ ਨੇ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ ਹੈ। ਮੇਰੀ ਚਾਹ ਅਤੇ ਪਾਨ ਦੀ ਦੁਕਾਨ ਹੈ ਜਿਸ ਤੋਂ ਮੈਂ ਆਪਣਾ ਖਰਚਾ ਚਲਾਉਂਦਾ ਹਾਂ। ਮੇਰੀ ਬੇਟੀ ਨੇ ਪੰਚਕੂਲਾ, ਹਰਿਆਣਾ ਵਿੱਚ ਸੋਨ ਤਗਮਾ ਜਿੱਤਿਆ ਹੈ ਅਤੇ ਮੇਰੇ ਬੇਟੇ ਨੇ ਲੰਡਨ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ, ਜਿਸ ਨਾਲ ਮੈਨੂੰ ਖੁਸ਼ੀ ਹੋਈ ਹੈ।”












