ਟੀਮ ਇੰਡੀਆ ਇਕ ਵਾਰ ਫਿਰ ICC ਟੈਸਟ ਰੈਂਕਿੰਗ ਵਿਚ ਸਿਖਰ ‘ਤੇ ਪਹੁੰਚ ਗਈ ਹੈ। ਭਾਰਤੀ ਟੀਮ ਨੇ ਮੁੰਬਈ ‘ਚ ਖੇਡੇ ਗਏ ਦੂਜੇ ਟੈਸਟ ਮੈਚ ‘ਚ ਨਿਊਜ਼ੀਲੈਂਡ ਨੂੰ 372 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤੀ ਟੀਮ ਸਿਖਰ ‘ਤੇ ਪਹੁੰਚ ਗਈ ਹੈ ਅਤੇ ਨਿਊਜ਼ੀਲੈਂਡ ਦੂਜੇ ਸਥਾਨ ‘ਤੇ ਖਿਸਕ ਗਈ ਹੈ।
ਭਾਰਤੀ ਟੀਮ ਦੇ ਫਿਲਹਾਲ 124 ਅੰਕ ਹਨ ਅਤੇ ਉਹ ਟੈਸਟ ਰੈਂਕਿੰਗ ‘ਚ ਸਿਖਰ ‘ਤੇ ਹੈ। ਦੂਜੇ ਨੰਬਰ ‘ਤੇ ਨਿਊਜ਼ੀਲੈਂਡ ਦੀ ਟੀਮ ਹੈ, ਜਿਸ ਦੇ 121 ਰੇਟਿੰਗ ਅੰਕ ਹਨ। ਆਸਟ੍ਰੇਲੀਆ 108 ਰੇਟਿੰਗ ਅੰਕਾਂ ਨਾਲ ਤੀਜੇ ਅਤੇ ਇੰਗਲੈਂਡ 107 ਅੰਕਾਂ ਨਾਲ ਚੌਥੇ ਨੰਬਰ ‘ਤੇ ਹੈ। ਪਾਕਿਸਤਾਨ ਦੀ ਟੀਮ ਇਸ ਸੂਚੀ ‘ਚ ਪੰਜਵੇਂ ਨੰਬਰ ‘ਤੇ ਹੈ, ਜਿਸ ਦੇ 92 ਅੰਕ ਹਨ।
ਜੇਕਰ ਵਨਡੇ ਕ੍ਰਿਕਟ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੀ ਟੀਮ ਆਈਸੀਸੀ ਰੈਂਕਿੰਗ ‘ਚ ਸਿਖਰ ‘ਤੇ ਹੈ। ਇੰਗਲੈਂਡ ਦੂਜੇ ਨੰਬਰ ‘ਤੇ ਅਤੇ ਆਸਟਰੇਲੀਆ ਤੀਜੇ ਨੰਬਰ ‘ਤੇ ਹੈ। ਭਾਰਤੀ ਟੀਮ ਵਨਡੇ ਰੈਂਕਿੰਗ ‘ਚ ਚੌਥੇ ਨੰਬਰ ‘ਤੇ ਹੈ। ਦੱਖਣੀ ਅਫਰੀਕਾ ਦੀ ਟੀਮ ਪੰਜਵੇਂ ਨੰਬਰ ‘ਤੇ ਹੈ। ਕਿਹਾ ਜਾ ਸਕਦਾ ਹੈ ਕਿ ਟੀਮ ਇੰਡੀਆ ਨੂੰ ਵਨਡੇ ‘ਚ ਸਿਖਰ ‘ਤੇ ਪਹੁੰਚਣ ਲਈ ਸਖਤ ਮਿਹਨਤ ਕਰਨੀ ਪਵੇਗੀ।
ਟੀ-20 ਵਿਸ਼ਵ ਕੱਪ 2021 ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਟੀ-20 ‘ਚ ਸ਼ਾਨਦਾਰ ਖੇਡ ਦਿਖਾਈ। ਇਸ ਦੀ ਬਦੌਲਤ ਟੀਮ 267 ਰੇਟਿੰਗ ਅੰਕਾਂ ਨਾਲ ਆਈਸੀਸੀ ਟੀ-20 ਰੈਂਕਿੰਗ ‘ਚ ਦੂਜੇ ਨੰਬਰ ‘ਤੇ ਹੈ। ਇਸ ਸੂਚੀ ‘ਚ ਇੰਗਲੈਂਡ ਪਹਿਲੇ ਨੰਬਰ ‘ਤੇ ਹੈ, ਜਿਸ ਦੇ 275 ਰੇਟਿੰਗ ਅੰਕ ਹਨ। ਤੀਜੇ ਨੰਬਰ ‘ਤੇ ਪਾਕਿਸਤਾਨ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਹਨ।