ਢਾਲ ਸਿੰਘ ਬਿਸੇਨ ਨੇ ਲੋਕ ਸਭਾ ’ਚ ਧਰਮ ਪਰਿਵਤਰਨ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਕਿ ਪੇਂਡੂ ਖੇਤਰਾਂ ’ਚ ਪੈਸੇ ਦਾ ਲਾਲਚ ਦੇ ਕੇ ਤੇਜ਼ੀ ਨਾਲ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਧਰਮ ਤਬਦੀਲੀ ਤੋਂ ਬਾਅਦ ਵਿਅਕਤੀ ਨਾਂ ਨਹੀਂ ਬਦਲਦਾ ਅਤੇ ਦੂਜਾ ਧਰਮ ਸਵੀਕਾਰ ਕਰਨ ’ਤੇ ਵੀ ਪਹਿਲੇ ਧਰਮ ਦੀ ਵਿਵਸਥਾ ਦਾ ਲਾਭ ਲੈਂਦਾ ਹੈ, ਜਦ ਕਿ ਉਸ ਨੂੰ ਇਹ ਲਾਭ ਨਹੀਂ ਦਿੱਤੇ ਜਾਣੇ ਚਾਹੀਦੇ। ਜੋ ਸਹੂਲਤ ਉਸ ਨੂੰ ਪਹਿਲਾਂ ਮਿਲਦੀ ਸੀ, ਉਹੀ ਸਹੂਲਤ ਧਰਮ ਤਬਦੀਲੀ ਤੋਂ ਬਾਅਦ ਵੀ ਮਿਲ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਢਾਲ ਸਿੰਘ ਬਿਸੇਨ ਨੇ ਪ੍ਰਸ਼ਨਕਾਲ ’ਚ ਇਹ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਇਸ ਮਾਮਲੇ ’ਚ ਦਖ਼ਲ ਦੇਣਾ ਚਾਹੀਦਾ ਹੈ ਤੇ ਧਰਮ ਤਬਦੀਲ ਕਰਾਉਣ ਵਾਲਿਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਅਤੇ ਖ਼ਾਸ ਤੌਰ ‘ਤੇ ਪੰਜਾਬ ਵਿੱਚ ਵੀ ਧਰਮ ਪਰਿਵਰਤਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦੇ ਨਾਲ ਲੱਗਦੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਧਰਮ ਪਰਿਵਰਤਨ ਦੀਆਂ ਵਧ ਰਹੀਆਂ ਘਟਨਾਵਾਂ ਬੜਾ ਚਿੰਤਾ ਦਾ ਵਿਸ਼ਾ ਹਨ। ਕੁਝ ਈਸਾਈ ਪ੍ਰਚਾਰਕ ਡੇਰਾਵਾਦ ਦੀ ਤਰ੍ਹਾਂ ਸਰਹੱਦੀ ਖੇਤਰਾਂ ਦੇ ਗ਼ਰੀਬ ਸਿੱਖ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਈਸਾਈ ਬਣਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਸਿੱਖ ਸੰਸਥਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਨਾਲ ਹੀ ਜ਼ਰੂਰਤ ਹੈ ਕਿ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਲੋੜਵੰਦ ਸਿੱਖ ਪਰਿਵਾਰਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਜਾਵੇ।