ਨਵੀਂ ਦਿੱਲੀ: ਭਾਜਪਾ ਸਰਕਾਰ ‘ਚ ਹੁਣ ਬਗਾਵਤ ਨਜ਼ਰ ਆਉਣ ਲਗ ਗਈ ਹੈ। ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੈ ਕੇ ਸੰਸਦ ਵਿਚ ਪ੍ਰਾਈਵੇਟ ਬਿੱਲ ਲਿਆਉਣ ਦਾ ਐਲਾਨ ਕੀਤਾ ਹੈ। ਬਿੱਲ ਦੇ ਸਮੌਦੇ ਨੂੰ ਟਵੀਟ ਕਰਦਿਆਂ ਉਨ੍ਹਾਂ ਨੇ ਲੋਕਾਂ ਤੋਂ ਇਸ ’ਤੇ ਉਨ੍ਹਾਂ ਦੇ ਸੁਝਾਅ ਵੀ ਮੰਗੇ ਹਨ। ਵਰੁਣ ਗਾਂਧੀ ਨੇ ਆਪਣੇ ਪ੍ਰਸਤਾਵਿਤ ਪ੍ਰਾਈਵੇਟ ਬਿੱਲ ਦੇ ਮਸੌਦੇ ਨੂੰ ਟਵੀਟ ਕਰਦਿਆਂ ਲਿਖਿਆ, ‘‘ਭਾਰਤ ਦੇ ਕਿਸਾਨਾਂ ਅਤੇ ਸਰਕਾਰ ਦੇ ਲੰਬੇ ਸਮੇਂ ਤੋਂ ਤਮਾਮ ਕਮਿਸ਼ਨਾਂ ਦੇ ਅੰਦਰ ਅਤੇ ਬਾਹਰ ਖੇਤੀਬਾੜੀ ਸੰਕਟ ’ਤੇ ਬਹਿਸ ਕੀਤੀ ਹੈ
ਹੁਣ ਐੱਮ. ਐੱਸ. ਪੀ. ਕਾਨੂੰਨ ਦਾ ਸਮਾਂ ਆ ਗਿਆ ਹੈ। ਕਾਨੂੰਨ ਵਿਚ ਮੇਰੇ ਮੁਤਾਬਕ ਕਿਸ ਤਰ੍ਹਾਂ ਦੀਆਂ ਵਿਵਸਥਾਵਾਂ ਹੋਣੀਆਂ ਚਾਹੀਦੀਆਂ ਹਨ, ਇਸ ਨੂੰ ਲੈ ਕੇ ਮੈਂ ਇਕ ਮਸੌਦਾ ਤਿਆਰ ਕੀਤਾ ਹੈ ਅਤੇ ਸੰਸਦ ਵਿਚ ਭੇਜ ਦਿੱਤਾ ਹੈ ਪਰ ਇਸ ਨੂੰ ਪੇਸ਼ ਕੀਤਾ ਜਾਣਾ ਬਾਕੀ ਹੈ।” ਬਿੱਲ ਜ਼ਰੀਏ ਵਰੁਣ ਗਾਂਧੀ ਨੇ 22 ਫ਼ਸਲਾਂ ’ਤੇ ਦਿੱਤੀ ਜਾਣ ਵਾਲੀ ਐੱਮ. ਐੱਸ. ਪੀ. ਨੂੰ ਕਾਨੂੰਨੀ ਗਰੰਟੀ ਦੇਣ ਦੀ ਮੰਗ ਕੀਤੀ ਹੈ, ਜਿਸ ਨੂੰ ਉਤਪਾਦਕ ਦੀ ਵਿਆਪਕ ਲਾਗਤ ’ਤੇ 50 ਫ਼ੀਸਦੀ ਦਾ ਲਾਭ ਨਿਰਧਾਰਤ ਕੀਤਾ ਗਿਆ ਹੈ।