ਚੰਡੀਗੜ੍ਹ, (ਪ੍ਰਵੀਨ ਵਿਕਰਾਂਤ): ਗਾਂਧੀ ਪਰਿਵਾਰ ਦੇ ਰਾਜ ਦੀ ਗੱਲ ਕਰੀਏ ਤਾਂ ਦੇਸ਼ ਦੇ ਪਹਿਲੇ ਪ੍ਰਧਾਨਮੰਤਰੀ ਬਣੇ ਪੰਡਿਤ ਜਵਾਹਰ ਲਾਲ ਨਹਿਰੂ, ਅੱਗੇ ਉਹਨਾਂ ਦੀ ਧੀ ਇੰਦਿਰਾ ਗਾਂਧੀ, ਅੱਗੇ ਫਿਰ ਰਾਜੀਵ ਗਾਂਧੀ ਦਾ ਵੀ ਕੁੱਝ ਸਮਾਂ ਰਾਜ ਰਿਹਾ ਅਤੇ ਉਹਨਾਂ ਦੇ ਬਾਅਦ ਇੰਦਿਰਾ ਗਾਂਧੀ ਦੀ ਨੂੰਹ ਸੋਨੀਆ ਗਾਂਧੀ ਨੂੰ ਲੋਕਾਂ ਨੇ ਆਪਣਾ ਨਹੀਂ ਮੰਨਿਆ ਜਾਂ ਵਿਰੋਧੀਆਂ ਕਹਿ ਲਈਏ ਕਿ ਵਿਰੋਧੀਆਂ ਨੇ ਮੰਨਣ ਨਹੀਂ ਦਿੱਤਾ ਤੇ ਉਹ ਪ੍ਰਧਾਨਮੰਤਰੀ ਬਣਦੇ-ਬਣਦੇ ਰਹਿ ਗਏ। ਪ੍ਰਣਬ ਮੁਖਰਜੀ ਅਤੇ ਕਈ ਹੋਰ ਕਦਾਵਰ ਆਗੂਆਂ ਦਾ ਨਾਂ ਸਾਹਮਣੇ ਆਇਆ ਪਰ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨਮੰਤਰੀ ਦੀ ਕੁਰਸੀ ਦਵਾਈ। ਪਰ ਅੱਗੇ ਰਾਹੁਲ ਗਾਂਧੀ ਜੋ ਕਿ ਦੇਸ਼ ‘ਤੇ ਰਾਜ ਕਰਨ ਵਾਲੇ ਗਾਂਧੀ ਪਰਿਵਾਰ ਦੇ ਹੀ ਫਰਜੰਦ ਸਨ ਉਹਨਾਂ ਨੂੰ ਪ੍ਰਧਾਨਮੰਤਰੀ ਦੀ ਤਿਆਰ ਗੱਦੀ ‘ਤੇ ਬਿਠਾਉਣ ਦੀਆਂ ਕਨਸੋਆਂ ਤਾਂ ਉੱਠੀਆਂ ਪਰ ਸੰਭਵ ਹੋ ਨਹੀਂ ਸਕਿਆ। ਉਹ ਡਾ. ਮਨਮੋਹਨ ਸਿੰਘ ਕੁਰਸੀ ‘ਤੇ ਨਹੀਂ ਬੈਠਣਾ ਚਾਹੁੰਦੇ ਸਨ ਆਪਣੇ ਦਮ ‘ਤੇ ਅੱਗੇ ਆਉਣਾ ਚਾਹੁੰਦੇ ਸਨ ਜਾਂ ਕੋਈ ਹੋਰ ਵਜ੍ਹਾ ਸੀ, ਵਜ੍ਹਾ ਕੋਈ ਵੀ ਰਹੀ ਹੋਵੇ ਪਰ ਉਸ ਤੋਂ ਬਾਅਦ ਜਦੋਂ ਬੀਜੇਪੀ ਨੇ ਮੋਰਚਾ ਸੰਭਾਲ ਲਿਆ ਅਤੇ ਨਰੇਂਦਰ ਮੋਦੀ ਨੇ ਪ੍ਰਧਾਨਮੰਤਰੀ ਦੀ ਕੁਰਸੀ ਸੰਭਾਲ ਲਈ ਤਾਂ ਰਾਹੁਲ ਗਾਂਧੀ ਦਾ ਉਸ ਮੁਕਾਮ ਤੱਕ ਪਹੁੰਚਣਾ ਔਖਾ ਹੀ ਨਹੀਂ ਕਾਫੀ ਮੁਸ਼ਕਿਲ ਹੋ ਗਿਆ, ਉੱਤੋਂ ਰਾਹੁਲ ਗਾਂਧੀ ਨੂੰ ‘ਪੱਪੂ’ ਸਾਬਿਤ ਕਰਨ ‘ਚ ਹੁਕਮਰਾਨ ਪਾਰਟੀ ਦੇ ਆਈ.ਟੀ., ਸੈੱਲ ਨੇ ਪੂਰਾ ਜੋਰ ਲਾ ਦਿੱਤਾ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਜਿਵੇਂ ਕਿ ਕਾਂਗਰਸੀ ਇਲਜਾਮ ਲਾਉਂਦੇ ਨੇ।
ਪਰ ਖੁਦ ਰਾਹੁਲ ਗਾਂਧੀ ਦੇ ਕੁੱਝ ਬਿਆਨ ਜੋ ਵਾਇਰਲ ਹੋਏ ਜਾਂ ਕੀਤੇ ਗਏ, ਅਕਸ ਲਗਾਤਾਰ ਵਿਗਾੜਦੇ ਰਹੇ, ਅਜੇ ਕਿ ਕਿਹਾ ਇਹੀ ਗਿਆ ਕਿ ਵਿੱਚੋਂ ਕਲਿੱਪਿ ਕੱਟ ਵਾਇਰਲ ਕੀਤੀ ਜਾਂਦੀ ਏ, ਪਰ ਆਮ ਲੋਕਾਂ ਤੱਕ ਫਿਰ ਵੀ ਕਈ ਅਜਿਹੇ ਬਿਆਨ ਪਹੁੰਚੇ ਕਿ ਲੋਕਾਂ ਵਿੱਚ ਰਾਹੁਲ ਗਾਂਧੀ ਦਾ ਪ੍ਰਭਾਵਸ਼ਾਲੀ ਅਕਸ ਬਣ ਨਹੀਂ ਪਾਇਆ। ਪਹਿਲਾਂ ਤਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਬੱਚਾ-ਬੱਚਾ ਦੱਸ ਕੇ ਕੋਈ ਕੁਮੈਂਟ ਕਰਨੋਂ ਹੀ ਗੁਰੇਜ਼ ਕੀਤਾ ਤੇ ਫਿਰ ਹਵਾ ਦੇ ਰੁਖ ਦੇਖ ਕੇ ਤਨਜ਼ ਕੱਸਣੇ ਵੀ ਸ਼ੁਰੂ ਕਰ ਦਿੱਤੇ। ਬਾਕੀ ਪਾਰਟੀ ਦੇ ਆਈਟੀ ਸੈੱਲ ਨੇ ਲੋਕਾਂ ‘ਚ ਪੂਰੀ ਤਰ੍ਹਾਂ ਰਾਹੁਲ ਗਾਂਧੀ ਦਾ ਬਚਕਾਨਾ ਅਕਸ ਬਨਾਉਣ ਕਾਮਯਾਬੀ ਹਾਸਿਲ ਕਰ ਲਈ। ਕਾਂਗਰਸ ਦਾ ਇਹ ਹਾਲ ਹੋ ਗਿਆ ਦੇਸ਼ ਦੇ ਵੱਖ-ਵੱਖ ਸੂਬਿਆਂ ਚੋਂ ਕਾਂਗਰਸ ਦੀ ਹਕੂਮਤ ਹੀ ਗਾਇਬ ਹੋਣ ਲੱਗੀ। ਹੋਰ ਤਾਂ ਹੋਰ ਦੇਸ਼ ‘ਚ ਮੁਕਾਬਲਾ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਨਾਲ ਨਹੀਂ ਆਮ ਆਦਮੀ ਪਾਰਟੀ ਨਾਲ ਦੇਖਿਆ ਜਾਣ ਲੱਗਾ।
ਖਾਸ ਕਰਕੇ ਦਿੱਲੀ ਜੋ ਦੇਸ਼ ਦੀ ਰਾਜਧਾਨੀ ਹੈ ਉੱਥੇ ਹੀ ਦੋਨੋਂ ਦਲ ਕਾਂਗਰਸ ਦਾ ਨਾਮੋਨਿਸ਼ਾਨ ਮਿਟਾਉਣ ਵੱਲ ਤੁਰੇ ਹੋਏ ਹਨ। ਵੱਖ-ਵੱਖ ਪੜਚੋਲਾਂ ਦੇ ਬਾਅਦ ਨਤੀਜਾ ਸਾਹਮਣੇ ਆਇਆ ਕਿ ਰਾਹੁਲ ਗਾਂਧੀ ਆਮ ਲੋਕਾਂ ਨਾਲ ਜੁੜੇ ਨਹੀਂ ਹੋਏ ਇਸ ਕਰਕੇ ਲੋਕਾਂ ‘ਚ ਉਹਨਾਂ ਦਾ ਚੰਗਾ ਅਕਸ ਨਹੀਂ ਬਣ ਰਿਹਾ। ਸਿੱਟੇ ਵਜੋਂ ਭਾਰਤ ਜੋੜੋ ਯਾਤਰਾ ਸ਼ੁਰੂ ਹੋਈ ਜੋ 7 ਸਤੰਬਰ ਨੂੰ ਤਾਮਿਲਨਾਢੂ ਦੇ ਕੰਨਿਆ ਕੁਮਾਰੀ ਤੋਂ ਅਰੰਭ ਹੋ ਕੇ ਕੇਰਲਾ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰਾ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਫਿਰ ਦਿੱਲੀ ਚ ਬ੍ਰੇਕ ਤੇ ਹੁਣ 11 ਜਨਵਰੀ ਨੂੰ ਪੰਜਾਬ ਚ ਐਂਟਰ ਹੋ ਰਹੀ ਐ। ਇਸ ਯਾਤਰਾ ਦੇ ਤਹਿਤ ਰਾਹੁਲ ਗਾਂਧੀ ਨੇ ਆਮ ਲੋਕ ਨਾਲ ਜੁੜਣ, ਲੋਕਾਂ ਵਿੱਚ ਵਿਚਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ।
ਰੋਜਾਨਾ 6-7 ਘੰਟੇ ਚੱਲ ਕੇ 25 ਤੋਂ 30 ਕਿੱਲੋਮੀਟਰ ਦਾ ਸਫ਼ਰ ਤੈਅ ਕੀਤਾ ਜਾ ਰਿਹੈ, 150 ਦਿਨ ਚੱਲਣ ਦਾ ਪ੍ਰੋਗਰਾਮ ਏ ਅਤੇ 3600 ਕਿੱਲੋਮੀਟਰ ਤੋਂ ਜਿਆਦਾ ਦਾ ਪੈਂਡਾ ਤੈਅ ਕਰਕੇ ਅਖੀਰ ਕਸ਼ਮੀਰ ਚ ਤਿੰਰਗਾ ਲਹਿਰਾਉਣਾ ਦਾ ਮੰਤਵ ਉਲੀਕਿਆ ਗਿਆ ਹੈ। ਪਰ ਮੁਕਦੀ ਗੱਲ ਇਹ ਹੈ ਕਿ ਕੀ ਕਸ਼ਮੀਰ ਚ ਝੰਡਾ ਚੜ੍ਹਾਉਣ ਦੇ ਬਾਅਦ ਰਾਹੁਲ ਗਾਂਧੀ ਜਨਤਾ ਦੇ ਦਿਲਾਂ ਚ ਕਿੰਨਾ ਕੁ ਉਤਰ ਪਾਉਣਗੇ। ਬੇਸ਼ਕ ਮੋਦੀ ਲਹਿਰ ਦੇ ਸਾਹਮਣੇ ਰਾਹੁਲ ਗਾਂਧੀ ਦਾ ਵਜੂਦ ਨਜ਼ਰ ਨਾ ਆ ਰਿਹਾ ਹੋਵੇ, ਪਰ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਮੋਦੀ ਦਾ ਬਦਲ ਵੀ ਲਭਿਆ ਜਾ ਰਿਹਾ ਜਿਸਦਾ ਫਾਇਦਾ ਉਠਾਉਣ ਦਾ ਮੌਕਾ ਰਾਹੁਲ ਗਾਂਧੀ ਕੋਲ ਹੈ ਪਰ ਉਹ ਮੌਕੇ ‘ਤੇ ਚੌਕਾ ਮਾਰ ਪਾਉਂਦੇ ਨੇ ਕਿ ਨਹੀਂ ਇਹ ਉਨਹਾਂ ਦੀ ਅਗੇਤਰੀ ਕਾਰਜਕੁਸ਼ਲਤਾ ਤੇ ਹੀ ਨਿਰਭਰ ਕਰਦਾ ਹੈ।