ਚੰਡੀਗੜ੍ਹ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਚੰਡੀਗੜ੍ਹ ਪੁਲੀਸ ਵੱਲੋਂ ਜੂਨੀਅਰ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਲਗਾਈਆਂ ਗਈਆਂ ਧਾਰਾਵਾਂ ਵਿੱਚ ਹੁਣ ਤੱਕ ਦੋ ਹੋਰ ਗੰਭੀਰ ਧਾਰਾਵਾਂ ਜੋੜੀਆਂ ਜਾ ਸਕਦੀਆਂ ਹਨ। ਸੀਨ ਰੀ-ਕ੍ਰਿਏਸ਼ਨ ਦੌਰਾਨ ਮਹਿਲਾ ਕੋਚ ਨੇ ਇਸ ਗੱਲ ਦਾ ਸਬੂਤ ਪੁਲਸ ਨੂੰ ਦਿੱਤਾ ਹੈ।ਪੀੜਤਾ ਦੀ ਤਰਫੋਂ ਕਿਹਾ ਗਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਬਲਾਤਕਾਰ ਅਤੇ ਇਸ ਦੀ ਕੋਸ਼ਿਸ਼ ਦੀ ਧਾਰਾ ਨਹੀਂ ਜੋੜੀ ਹੈ, ਇਸ ਲਈ ਹੁਣ ਉਹ ਅਦਾਲਤ ਵਿੱਚ ਮਾਮਲਾ ਉਠਾਏਗੀ।
ਪੀੜਤ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਕਿਹਾ ਕਿ ਮੇਰੇ ਮੁਵੱਕਿਲ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੋ ਹੋਰ ਗੰਭੀਰ ਧਾਰਾਵਾਂ ਜੋੜਨ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਜਾਵੇਗੀ। ਇਸ ਸਬੰਧੀ ਦਸਤਾਵੇਜ਼ ਤਿਆਰ ਕਰ ਲਏ ਗਏ ਹਨ। ਇਸ ਹਫ਼ਤੇ ਹੀ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਜੂਨੀਅਰ ਮਹਿਲਾ ਕੋਚ ਦੀ ਤਰਫੋਂ ਦੱਸਿਆ ਗਿਆ ਹੈ ਕਿ ਉਹ ਲਗਾਤਾਰ ਦੋ ਦਿਨਾਂ ਤੋਂ ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਦੇ ਨਾਲ ਹੈ। ਹੁਣ ਤੱਕ ਉਹ 5 ਵਾਰ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾ ਚੁੱਕੀ ਹੈ। ਇਸ ਦੇ ਨਾਲ ਹੀ ਪੂਰੇ ਮਾਮਲੇ ਦਾ ਸੀਨ ਦੁਬਾਰਾ ਬਣਾਇਆ ਗਿਆ ਹੈ। ਇਸ ਤੋਂ ਬਾਅਦ ਵੀ ਪੁਲਿਸ ਨੇ ਮੁੜ ਜਾਂਚ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ। ਪੀੜਤਾ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਪੁਲਿਸ ਨੂੰ ਹਰ ਸੰਭਵ ਸਹਿਯੋਗ ਦੇ ਰਹੀ ਹੈ।












