ਅੱਜ ਸਾਲ ਦੇ ਆਖਰੀ ਦਿਨ ਜੀਐਸਟੀ ਕੌਂਸਲ ਦੀ ਮੀਟਿੰਗ ਹੋ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ‘ਚ ਹੋ ਰਹੀ ਇਸ ਬੈਠਕ ‘ਚ GST ਦਰਾਂ ‘ਚ ਬਦਲਾਅ ‘ਤੇ ਕਈ ਗੱਲਾਂ ‘ਤੇ ਚਰਚਾ ਹੋ ਸਕਦੀ ਹੈ। ਫਿਲਹਾਲ ਇਹ ਮੀਟਿੰਗ ਦਿੱਲੀ ਦੇ ਵਿਗਿਆਨ ਭਵਨ ਵਿੱਚ ਚੱਲ ਰਹੀ ਹੈ ਅਤੇ ਉਮੀਦ ਹੈ ਇਸ ਬੈਠਕ ‘ਚ ਜੀਐੱਸਟੀ ਦਰਾਂ ‘ਚ ਸੁਧਾਰ ‘ਤੇ ਚਰਚਾ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ 30 ਦਸੰਬਰ ਨੂੰ ਰਾਜਾਂ ਦੇ ਵਿੱਤ ਮੰਤਰੀਆਂ ਨਾਲ ਨਿਰਮਲਾ ਸੀਤਾਰਮਨ ਦੀ ਪ੍ਰੀ-ਬਜਟ ਮੀਟਿੰਗ ਦਾ ਵਿਸਤਾਰ ਹੋਵੇਗੀ।

ਵਰਤਮਾਨ ਵਿੱਚ ਜੀਐਸਟੀ 4 ਸਲੈਬਾਂ 5, 12, 18 ਅਤੇ 28% ਵਿੱਚ ਲਗਾਇਆ ਜਾਂਦਾ ਹੈ। ਜ਼ਰੂਰੀ ਵਸਤਾਂ ਨੂੰ ਜਾਂ ਤਾਂ ਜੀਐਸਟੀ ਤੋਂ ਛੋਟ ਦਿੱਤੀ ਜਾਂਦੀ ਹੈ, ਜਾਂ ਘੱਟ ਸਲੈਬ ‘ਤੇ ਟੈਕਸ ਲਗਾਇਆ ਜਾਂਦਾ ਹੈ, ਜਦੋਂ ਕਿ ਲਗਜ਼ਰੀ ਵਸਤੂਆਂ ‘ਤੇ ਜ਼ਿਆਦਾ ਟੈਕਸ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਸੈੱਸ ਦਾ ਵੀ ਪ੍ਰਬੰਧ ਹੈ। ਕੌਂਸਲ ਅੱਗੇ ਮੰਗ ਰੱਖੀ ਗਈ ਹੈ ਕਿ 12 ਅਤੇ 18 ਫੀਸਦੀ ਦੀਆਂ ਸਲੈਬਾਂ ਨੂੰ ਮਿਲਾਇਆ ਜਾਵੇ ਅਤੇ ਇਸ ਦੇ ਮਾਲੀਏ ‘ਤੇ ਪੈਣ ਵਾਲੇ ਪ੍ਰਭਾਵ ਨੂੰ ਦੂਰ ਕਰਨ ਲਈ ਕੁਝ ਵਸਤੂਆਂ ਨੂੰ ਛੋਟ ਸ਼੍ਰੇਣੀ ਤੋਂ ਹਟਾਇਆ ਜਾਵੇ।
ਪੱਛਮੀ ਬੰਗਾਲ ਦੇ ਸਾਬਕਾ ਵਿੱਤ ਮੰਤਰੀ ਅਮਿਤ ਮਿੱਤਰਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਟੈਕਸਟਾਈਲ ਵਿੱਚ ਪ੍ਰਸਤਾਵਿਤ 5 ਤੋਂ 12% ਵਾਧੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਤੇਲੰਗਾਨਾ ਦੇ ਉਦਯੋਗ ਮੰਤਰੀ ਕੇਟੀ ਰਾਮਾ ਰਾਓ ਨੇ ਵੀ ਕੇਂਦਰ ਨੂੰ ਜੀਐਸਟੀ ਦਰਾਂ ਵਧਾਉਣ ਦੀ ਆਪਣੀ ਪ੍ਰਸਤਾਵਿਤ ਯੋਜਨਾ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 1 ਜਨਵਰੀ ਤੋਂ ਕੱਪੜਿਆਂ ਅਤੇ ਜੁੱਤੀਆਂ ‘ਤੇ 12 ਫੀਸਦੀ ਜੀਐਸਟੀ ਲਗਾਉਣ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਨੇ ਟੈਕਸਟਾਈਲ, ਰੈਡੀਮੇਡ ਅਤੇ ਫੁੱਟਵੀਅਰ ‘ਤੇ ਜੀਐਸਟੀ 7% ਵਧਾ ਦਿੱਤਾ ਹੈ।











