ਚੰਡੀਗੜ੍ਹ: ਨੈਸ਼ਨਲ ਕਮਿਸ਼ਨ ਫ਼ਾਰ ਸ਼ਡਿਊਲਡ ਕਾਸਟ (ਐਨ.ਸੀ.ਐਸ.ਸੀ.) ਦੇ ਕੋਰਟ ਅਫ਼ਸਰ ਨੇ ਪੰਜਾਬ ਦੇ ਪ੍ਰਿੰਸੀਪਲ ਸਕੱਤਰ (ਸਕੂਲ ਸਿੱਖਿਆ) ਜਸਪ੍ਰੀਤ ਤਲਵਾੜ ਵਿਰੁੱਧ ਵਾਰੰਟ ਜਾਰੀ ਕੀਤੇ ਹਨ। ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਉਹ ਇਸ ਆਈ.ਏ.ਐਸ. ਅਧਿਕਾਰੀ ਨੂੰ ਗ੍ਰਿਫ਼ਤਾਰ ਕਰਕੇ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਨਵੀਂ ਦਿੱਲੀ ਕਮਿਸ਼ਨ ਹੈੱਡਕੁਆਰਟਰ ਸਥਿਤ ਅਦਾਲਤ ਵਿਚ 17 ਜਨਵਰੀ ਨੂੰ ਸਵੇਰੇ 11 ਵਜੇ ਪੇਸ਼ ਕਰਨ। ਤੁਹਾਨੂੰ ਦੱਸ ਦਈਏ ਕਿ ਸਾਲ 2010 ਵਿਚ ਜੂਨੀਅਰ ਅਤੇ ਜਨਰਲ ਕੈਟਾਗਰੀ ਦੇ ਪ੍ਰਿੰਸੀਪਲਾਂ ਨੂੰ ਸਿੱਖਿਆ ਅਧਿਕਾਰੀ/ਪ੍ਰਿੰਸੀਪਲ ਵਜੋਂ ਨਿਯੁਕਤ ਕਰਨ ਦੇ ਮਾਮਲੇ ਵਿਚ ਸੁਣਵਾਈ ਲਈ ਸੰਮਨ ਦੇਣ ਦੇ ਬਾਵਜੂਦ ਪ੍ਰਿੰਸੀਪਲ ਸਕੱਤਰ (ਸਕੂਲ ਸਿੱਖਿਆ) ਜਸਪ੍ਰੀਤ ਤਲਵਾੜ ਸੁਣਵਾਈ ਦੌਰਾਨ ਹਾਜ਼ਰ ਨਹੀਂ ਹੋਏ ਸਨ। ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।













