ਬਾਲੀਵੁੱਡ ਦੀ ਮਰਹੂਮ ਅਦਾਕਾਰਾ ਮਧੂਬਾਲਾ ਦੀ ਅੱਜ ਬਰਥ ਐਨੀਵਰਸਰੀ ਹੈ। ਵੈਲੇਨਟਾਈਨ ਡੇਅ ‘ਤੇ 14 ਫਰਵਰੀ ਨੂੰ ਜਨਮੀ ਮਧੂਬਾਲਾ ਦਾ ਅਸਲੀ ਨਾਂ ਮੁਮਤਾਜ਼ ਜਹਾਂ ਬੇਗਮ ਦੇਹਲਵੀ ਸੀ। ਬਾਲੀਵੁੱਡ ਦੀ ਸਦਾਬਹਾਰ ਖੂਬਸੂਰਤੀ ਮੰਨੀ ਜਾਣ ਵਾਲੀ ਮਧੂਬਾਲਾ ਦੀ ਖੂਬਸੂਰਤੀ ਦੀ ਦੁਨੀਆ ਦੀਵਾਨੀ ਸੀ। ਮਧੂਬਾਲਾ 50 ਦੇ ਦਹਾਕੇ ‘ਚ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੀ ਸੀ, ਉਹ ਉਸ ਸਮੇਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਸੀ। ਮਹਿਜ਼ 9 ਸਾਲ ਦੀ ਉਮਰ ‘ਚ ਮਧੂਬਾਲਾ ਦਾ ਨਾਂ ‘ਬੇਬੀ ਮੁਮਤਾਜ਼’ ਰੱਖਿਆ ਗਿਆ ਸੀ। ਮੁਮਤਾਜ਼ ਦਾ ਅਸਲੀ ਨਾਂ ਮੁਮਤਾਜ਼ ਜਹਾਂ ਦੇਹਲਵੀ ਸੀ। ਉਸ ਦੌਰ ਦੀ ਮਸ਼ਹੂਰ ਅਦਾਕਾਰਾ ਦੇਵਿਕਾ ਰਾਣੀ ਨੇ ਮੁਮਤਾਜ਼ ਨੂੰ ਆਪਣਾ ਨਾਂ ਬਦਲ ਕੇ ਮਧੂਬਾਲਾ ਰੱਖਣ ਦੀ ਸਲਾਹ ਦਿੱਤੀ। ਮਧੂਬਾਲਾ ਨੇ ਫ਼ਿਲਮ ‘ਨੀਲ ਕਮਲ’ ਤੋਂ ਲੀਡ ਅਦਾਕਾਰਾ ਵਜੋਂ ਡੈਬਿਊ ਕੀਤਾ ਸੀ। ਮਧੂਬਾਲਾ ਨੇ ‘ਫਾਗੁਨ’, ‘ਹਾਵੜਾ ਬ੍ਰਿਜ’, ‘ਕਾਲਾ ਪਾਣੀ’ ਅਤੇ ‘ਚਲਤੀ ਕਾ ਨਾਮ ਗੱਡੀ’ ਵਰਗੀਆਂ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।

ਇਸ ਦੇ ਨਾਲ ਹੀ ਕਲਾਸਿਕ ਫ਼ਿਲਮ ‘ਮੁਗਲ-ਏ-ਆਜ਼ਮ’ ‘ਚ ਮਧੂਬਾਲਾ ਵੱਲੋਂ ਨਿਭਾਇਆ ਗਿਆ ਅਨਾਰਕਲੀ ਦਾ ਕਿਰਦਾਰ ਅਮਰ ਹੋ ਗਿਆ। ਇਸ ਫ਼ਿਲਮ ਨੇ ਮਧੂਬਾਲਾ ਨੂੰ ‘ਵੀਨਸ ਆਫ਼ ਇੰਡੀਅਨ ਸਿਨੇਮਾ’ ਦਾ ਟਾਈਟਲ ਦਿੱਤਾ। ਮਧੂਬਾਲਾ ਦਾ ਫ਼ਿਲਮੀ ਕਰੀਅਰ ਜਿੰਨਾ ਸਫਲ ਰਿਹਾ, ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਓਨੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਜ਼ਿੰਦਗੀ ਵਿੱਚ ਇੰਨੇ ਦੁੱਖ ਸਨ ਕਿ ਉਸ ਨੂੰ ‘ਦਿ ਬਿਊਟੀ ਵਿਦ ਟ੍ਰੈਜੇਡੀ ਕੁਈਨ’ ਦਾ ਖਿਤਾਬ ਦਿੱਤਾ ਗਿਆ। ਮਧੂਬਾਲਾ ਦੀ ਬੇਅੰਤ ਸੁੰਦਰਤਾ ਕਾਰਨ ਉਸ ਨੂੰ ‘ਭਾਰਤੀ ਸਿਨੇਮਾ ਦੀ ਵੀਨਸ’ ਵਜੋਂ ਵੀ ਜਾਣਿਆ ਜਾਂਦਾ ਸੀ। ਮਧੂਬਾਲਾ ਹਿੰਦੀ ਸਿਨੇਮਾ ਦੀ ਇਕਲੌਤੀ ਅਭਿਨੇਤਰੀ ਸੀ ਜਿਸ ਦੀ ਸੁੰਦਰਤਾ ਦੀ ਤੁਲਨਾ ਹਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਰਲਿਨ ਮੁਨਰੋ ਨਾਲ ਕੀਤੀ ਜਾਂਦੀ ਹੈ। ਮਧੂਬਾਲਾ ਜੋ ਕਿ ਆਪਣੇ ਜ਼ਮਾਨੇ ਵਿੱਚ ਬੇਹੱਦ ਹੀ ਖੂਬਸੂਰਤ ਤੇ ਹਮੇਸ਼ਾ ਮੁਸਕੁਰਾਉਣ ਵਾਲੀ ਅਭਿਨੇਤਰੀ ਸੀ, ਅਸਲ ਜ਼ਿੰਦਗੀ ਵਿੱਚ ਉਸ ਦੀ ਜ਼ਿੰਦਗੀ ਬੇਹੱਦ ਦਰਦ ਭਰੀ ਸੀ।

ਜਿੱਥੇ ਮਧੂਬਾਲਾ ਦੀ ਖੂਬਸੂਰਤੀ ਨਾਲ ਕਿੰਨੇ ਹੀ ਲੋਕਾਂ ਨੂੰ ਪਿਆਰ ਹੋਇਆ, ਪਰ ਉਹ ਸਾਰੀ ਉਮਰ ਪਿਆਰ ਲਈ ਤਰਸਦੀ ਰਹੀ। ਆਪਣੇ ਅੰਤ ਸਮੇਂ ਤੱਕ ਮਧੂਬਾਲਾ ਨੂੰ ਸੱਚਾ ਪਿਆਰ ਨਹੀਂ ਮਿਲਿਆ। ਹਾਲਾਂਕਿ ਫ਼ਿਲਮ ‘ਮੁਗਲ-ਏ-ਆਜ਼ਮ’ ‘ਤੋਂ ਬਾਅਦ ਮਧੂਬਾਲਾ ਦਾ ਨਾਮ ਦਿਲੀਪ ਕੁਮਾਰ ਨਾਲ ਜੋੜੀਆ ਗਿਆ ਤੇ ਇਹ ਕਿਹਾ ਜਾਂਦਾ ਹੈ ਕਿ ਮਧੂਬਾਲਾ ਦਿਲੀਪ ਕੁਮਾਰ ਨਾਲ ਪਿਆਰ ਕਰਦੀ ਸੀ, ਪਰ ਉਸ ਦੇ ਆਖ਼ਰੀ ਸਮੇਂ ਵਿੱਚ ਕਿਸ਼ੋਰ ਕੁਮਾਰ ਨੇ ਉਸ ਨਾਲ ਵਿਆਹ ਕੀਤਾ ਤੇ ਉਸ ਦੀ ਮੌਤ ਤੱਕ ਉਸ ਦਾ ਸਾਥ ਦਿੱਤਾ।ਇੱਕ ਇੰਟਰਵਿਊ ਦੌਰਾਨ ਮਧੂਬਾਲਾ ਦੀ ਭੈਣ ਮਧੁਰ ਭੂਸ਼ਣ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਕੀ ਦਿਲੀਪ ਕੁਮਾਰ ਨਾਲ ਪਿਆਰ ਕਰਨ ਤੋਂ ਪਹਿਲਾਂ ਮਧੂਬਾਲਾ ਪ੍ਰੇਮਨਾਥ ਨਾਲ ਪਿਆਰ ਕਰਦੀ ਸੀ? ਇਸ ‘ਤੇ ਮਧੂਬਾਲਾ ਦੀ ਭੈਣ ਨੇ ਹਾਂ ‘ਚ ਜਵਾਬ ਦਿੰਦੇ ਹੋਏ ਕਿਹਾ, ”ਪਰ ਉਨ੍ਹਾਂ ਦਿਨਾਂ ‘ਚ ਹਿੰਦੂ ਅਤੇ ਮੁਸਲਮਾਨ ਵਿਆਹ ਨਹੀਂ ਕਰਵਾ ਸਕਦੇ ਸਨ। ਅੱਜ ਸਮਾਂ ਬਦਲ ਗਿਆ ਹੈ। ਮੇਰੇ ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ‘ਤੇ ਇਤਰਾਜ਼ ਸੀ।”












