ਚੰਡੀਗੜ੍ਹ : ਚੰਡੀਗੜ੍ਹ ਦੀਆਂ ਬਰੂਹਾਂ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੱਗੇ ਕੌਮੀ ਇੰਨਸਾਫ਼ ਮੋਰਚੇ ਦੇ ਆਗੂਆਂ ਵਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਚੱਲ ਰਹੇ ਕੌਮੀ ਇੰਨਸਾਫ ਮੋਰਚੇ ਵਿਚ ਸੰਗਤਾਂ ਦੀ ਆਮਦ ਨੇ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਸ. ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪੰਜਾਬ ਦੇ ਦੋ ਮੰਤਰੀਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨਾਲ ਮੋਰਚੇ ਦੇ ਚਾਰ ਮੈਂਬਰਾਂ ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ, ਬਲਵਿੰਦਰ ਸਿੰਘ ਅਤੇ ਪਾਲ ਸਿੰਘ ਫਰਾਂਸ ਨੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਸਮੇਤ ਚਾਰੇ ਮੰਗਾਂ ਨੂੰ ਮੰਨਣ ਲਈ ਕਿਹਾ ਗਿਆ। ਉਨ੍ਹਾਂ ਦਸਿਆ ਕਿ ਲੰਮੀ ਚੱਲੀ ਮੀਟਿੰਗ ਵਿਚ ਮੰਤਰੀਆਂ ਵਲੋਂ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੱਥੇਦਾਰ ਜਗਤਾਰ ਸਿੰਘ ਦੀ 23 ਮਾਰਚ ਨੂੰ ਪੇਸ਼ੀ ’ਤੇ ਅਦਾਲਤ ਵਿਚ ਪੇਸ਼ ਕਰਨਾ ਅਤੇ 31 ਮਾਰਚ ਤਕ ਪੰਜਾਬ ਜ਼ੇਲ੍ਹ ਵਿਚ ਤਬਦੀਲ ਕਰਨ ਦਾ ਵੀ ਭਰੋਸਾ ਦਿੱਤਾ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਭਰੋਸਾ ਤਾਂ ਹਮੇਸ਼ਾਂ ਦਿੱਤਾ ਹੈ ਪਰ ਬਾਅਦ ਵਿਚ ਹਮੇਸ਼ਾਂ ਵਾਅਦਾ ਖਿਲਾਫ਼ੀ ਕੀਤੀ ਹੈ। ਜੇ ਸਰਕਾਰ ਨੇ ਹੁਣ ਵਾਅਦਾ ਖਿਲਾਫ਼ੀ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ 31 ਮੈਂਬਰੀ ਜੱਥਾ ਜੋ ਹਰ ਰੋਜ਼ ਚੰਡੀਗੜ੍ਹ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵਲ ਜਾਂਦਾ ਸੀ ਨੂੰ ਸਰਕਾਰ ਦੇ ਭਰੋਸੇ ਤੋਂ ਬਾਅਦ 31ਮਾਰਚ 2023 ਤਕ ਭੇਜਣ ਤੋਂ ਟਾਲਿਅ ਗਿਆ। ਇਸ ਮੌਕੇ ਬਾਪੂ ਗੁਰਚਰਨ ਸਿੰਘ ਦੇ ਨਾਲ ਸੀ. ਵਕੀਲ ਅਮਰ ਸਿੰਘ ਚਾਹਲ, ਵਕੀਲ ਦਿਲਸ਼ੇਰ ਸਿੰਘ, ਵਕੀਲ ਗੁਰਸ਼ਰਨ ਸਿੰਘ, ਬਲਵਿੰਦਰ ਸਿੰਘ, ਪਾਲ ਸਿੰਘ ਫਰਾਂਸ, ਰੁਪਿਦਰਜੀਤ ਸਿੰਘ, ਜਸਵਿੰਦਰ ਸਿੰਘ ਰਾਜਪੁਰਾ ਅਤੇ ਇੰਦਰਬੀਰ ਸਿੰਘ ਆਦਿ ਮੋਜੂਦ ਸਨ।
ਅੱਜ ਮੋਰਚੇ ਵਿਚ ਜਿੱਥੇ ਸਾਰਾ ਦਿਨ ਸੰਗਤ ਦੀ ਆਮਦ ਵੱਡੀ ਪੱਧਰ ’ਤੇ ਰਹੀ ਅਤੇ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਸਮੇਤ ਬੁਲਾਰਿਆਂ ਨੇ ਆਪਣੀ ਹਾਜ਼ਰੀ ਲੁਵਾਈ। ਉੱਥੇ ਹੀ ਮਾਲਵਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਲੱਖਾ ਸਿਧਾਣਾ ਅਤੇ ਵੱਡੀ ਗਿਣਤੀ ਵਿਚ ਦੇਰ ਸ਼ਾਮ ਸੰਗਤ ਕੌਮੀ ਇੰਨਸਾਫ਼ ਮੋਰਚੇ ’ਤੇ ਪਹੁੰਚੀ। ਮੋਰਚੇ ਵਿਚ ਜੱਥੇ ਦੇ ਪਹੁੰਚਣ ’ਤੇ ਖਾਲਸਾਈ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾ ਪਿਆਰਿਆਂ ਅਗਵਾਈ ਵਿਚ ਲੱਖਾ ਸਿਧਾਣਾ ਅਤੇ ਜੱਥੇ ਵਿਚ ਆਈ ਸੰਗਤ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋਏ ਜਿੱਥੇ ਬਾਪੂ ਗੁਰਚਰਨ ਸਿੰਘ ਅਤੇ ਮੈਂਬਰਾਂ ਵਲੋਂ ਪੰਜ ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਲੱਖਾ ਸਿਧਾਣਾ ਨੇੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੋਰਚੇ ਵਿਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਵੱਧ ਚੜ੍ਹ ਕੇ ਪਹੁੰਚਣਾ ਚਾਹੀਦਾ ਹੈ। ਉਸਨੇ ਕਿਹਾ ਕਿ ਜਦੋਂ ਉਨ੍ਹਾਂ ਵਲੋਂ ਮੋਰਚੇ ਵਿਚ ਆਉਣ ਦੀ ਤਿਆਰੀ ਕਰ ਰਹੇ ਸਨ ਤਾਂ ਸਰਕਾਰ ਵਲੋਂ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੇ ਬੰਦੀ ਸਿੰੰਘ ਨੂੰ ਛਡਾ ਨਹੀਂ ਸਕਦੇ ਤਾਂ ਇਤਿਹਾਸ ਸਾਨੂੰ ਕਦੇ ਮਾਫ ਨਹੀਂ ਕਰੇਗਾ। ਬਾਪੂ ਗੁਰਚਰਨ ਸਿੰਘ ਨੇ ਪੰਜਾ ਪਿਆਰਿਆਂ ਦੀ ਅਗਵਾਈ ਵਿਚ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ।












