ਚੰਡੀਗੜ੍ਹ, 2 ਅਪ੍ਰੈਲ 2023 – ਅਸਾਮ ‘ਚ ਐਤਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ-ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਵਾਂਗ ਸੱਤਾ ‘ਚ ਆਉਣ ਤੋਂ ਬਾਅਦ ਵਪਾਰ ਨਹੀਂ ਕਰਦੇ, ਅਸੀਂ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਜਿਸ ਰਾਜ ਦਾ ਰਾਜਾ ਵਪਾਰੀ ਹੋਵੇ, ਉਸ ਰਾਜ ਦੇ ਲੋਕ ਭਿਖਾਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸਾਮ ਵਿੱਚ ਪਹਿਲੇ ਪੰਜ ਸਾਲ ਭਾਜਪਾ ਅਤੇ ਕਾਂਗਰਸ ਇਕੱਠੇ ਰਾਜ ਕਰਦੇ ਸਨ। ਹੁਣ ਇੱਥੇ ਵੀ ਲੋਕਾਂ ਕੋਲ ਦਿੱਲੀ ਅਤੇ ਪੰਜਾਬ ਵਾਂਗ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਇਮਾਨਦਾਰ ਅਤੇ ਚੰਗੀ ਪਾਰਟੀ ਦਾ ਵਿਕਲਪ ਹੈ।
ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਅਸੀਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਅਸੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ, ਜਿਸ ਤੋਂ ਬਾਅਦ 500 ਤੋਂ ਵੱਧ ਭ੍ਰਿਸ਼ਟ ਅਧਿਕਾਰੀਆਂ, ਕਰਮਚਾਰੀਆਂ ਅਤੇ ਨੇਤਾਵਾਂ ਵਿਰੁੱਧ ਕਾਰਵਾਈ ਕੀਤੀ ਗਈ। ਹੁਣ ਭ੍ਰਿਸ਼ਟ ਲੋਕਾਂ ਦੇ ਮਨਾਂ ਵਿੱਚ ਇੱਕ ਡਰ ਹੈ। ਮਾਨ ਨੇ ਕਿਹਾ ਕਿ ਭਾਜਪਾ ਵਾਲੇ ਨਫਰਤ ਦੀਆਂ ਗੱਲਾਂ ਕਰਦੇ ਹਨ। ਅਸੀਂ ਸਕੂਲਾਂ ਅਤੇ ਹਸਪਤਾਲਾਂ ਦੀ ਗੱਲ ਕਰਦੇ ਹਾਂ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਨਵਾਂ ਰੂਪ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਬਣਾਏ। ਪੰਜਾਬ ਵਿੱਚ ਵੀ ਅਸੀਂ ਸਕੂਲਾਂ ਦੀ ਕਾਇਆ ਕਲਪ ਕਰਨੀ ਸ਼ੁਰੂ ਕਰ ਦਿੱਤੀ ਹੈ। ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚੇ ਉੱਥੋਂ ਨਾਮ ਕਟਵਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈ ਰਹੇ ਹਨ। ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ ਡਾਕਟਰ, ਇੰਜੀਨੀਅਰ, ਵਕੀਲ ਅਤੇ ਵੱਡੇ ਅਫਸਰ ਬਣ ਰਹੇ ਹਨ।












