ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕ ਵਜੋਂ ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਹੈ। ਸਿੱਖ ਜਥੇਬੰਦੀਆਂ ਦੇ ਵਿਰੋਧ ਬਾਅਦ ਮਹਾਰਾਸ਼ਟਰ ਸਰਕਾਰ ਨੇ ਸੇਵਾਮੁਕਤ ਸਿੱਖ ਆਈਏਐਸ ਅਧਿਕਾਰੀ ਡਾ: ਵਿਜੈ ਸਤਬੀਰ ਸਿੰਘ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਨਵਾਂ ਪ੍ਰਬੰਧਕ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵਲੋਂ ਵੀ ਵਿਰੋਧ ਕੀਤਾ ਗਿਆ ਸੀ।

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਰੋਸ ਪ੍ਰਗਟ ਕੀਤਾ ਸੀ ਕਿ ਇੱਕ ਗੈਰ-ਸਿੱਖ ਅਧਿਕਾਰੀ ਅਭਿਜੀਤ ਰਜਿੰਦਰ ਰਾਊਤ ਨੂੰ ਪ੍ਰਬੰਧਕ ਨਿਯੁਕਤ ਕਰਨਾ ਨਿਯਮਾਂ ਦੇ ਖ਼ਿਲਾਫ਼ ਹੈ ਅਤੇ ਸਿੱਖ ਮਰਿਆਦਾ ਦੇ ਖ਼ਿਲਾਫ਼ ਵੀ ਹੈ। ਜਿਸ ਵਿਅਕਤੀ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਨਹੀਂ ਉਸ ਨੂੰ ਪ੍ਰਬੰਧਕ ਕਿਵੇਂ ਬਣਾਇਆ ਜਾ ਸਕਦਾ ਹੈ। ਜਿਸ ਤੋਂ ਬਾਅਦ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਗੁਰਸਿੱਖ ਸ਼ਖ਼ਸੀਅਤ ਦੀ ਨਿਯੁਕਤੀ ਕੀਤੀ ਗਈ ਹੈ।












