ਅੰਮ੍ਰਿਤਸਰ – ਅੰਮ੍ਰਿਤਸਰ ‘ਚ ਬੀਤੇ ਸੋਮਵਾਰ ਨੂੰ ਤਿੰਨ ਬਾਈਕ ਸਵਾਰ ਬਦਮਾਸ਼ਾਂ ਨੇ ਦਿਨ ਦਿਹਾੜੇ ਲੁੱਟ ਦੀ ਨੀਅਤ ਨਾਲ ਇੱਕ ਦੁਕਾਨ ਵਿੱਚ ਸ਼ਮਿਲ ਹੋ ਕੇ ਦੁਕਾਨਦਾਰ ਨੂੰ ਗੋਲੀ ਮਾਰ ਦਿੱਤੀ। ਏ.ਡੀ.ਸੀ.ਪੀ ਸਿਟੀ-2 ਪ੍ਰਭਜੋਤ ਵਿਰਕ, ਏ.ਸੀ.ਪੀ ਸਰਬਜੀਤ ਸਿੰਘ ਅਤੇ ਸਟੇਸ਼ਨ ਹਾਊਸ ਅਫਸਰ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦਿਆ ਭੱਲਾ ਕਲੋਨੀ ਗਲੀ ਜਾਮੁਨ ਦੇ ਵਸਨੀਕ ਰਜਿੰਦਰ ਕਾਲੀਆ ਦੀ ਪਤਨੀ ਸਨੇਹ ਲਤਾ ਨੇ ਦੱਸਿਆ ਕਿ ਉਸ ਦਾ ਪਤੀ ਐਸ.ਡੀ.ਓ ਵਜੋਂ ਸੇਵਾਮੁਕਤ ਹੋਇਆ ਹੈ। ਰਿਟਾਇਰਮੈਂਟ ਤੋਂ ਬਾਅਦ ਉਸ ਦਾ ਪਤੀ ਦੁਕਾਨ ਚਲਾਉਂਦਾ ਹੈ। ਕਰੀਬ ਪੌਣੇ ਚਾਰ ਵਜੇ ਉਸ ਦਾ ਪਤੀ ਦੁਕਾਨ ’ਤੇ ਬੈਠਾ ਸੀ। ਬਾਈਕ ‘ਤੇ ਸਵਾਰ ਤਿੰਨ ਬਦਮਾਸ਼ ਸਾਮਾਨ ਖਰੀਦਣ ਦੇ ਬਹਾਨੇ ਦੁਕਾਨ ‘ਤੇ ਪਹੁੰਚੇ ਅਤੇ ਖਾਣ-ਪੀਣ ਦਾ ਸਾਮਾਨ ਮੰਗਿਆ।
ਸਨੇਹ ਲਤਾ ਨੇ ਦੱਸਿਆ ਕਿ ਜਿਵੇਂ ਹੀ ਉਸ ਦਾ ਪਤੀ ਸਾਮਾਨ ਦੇਣ ਲਈ ਫਰਿੱਜ ਵੱਲ ਵਧਿਆ ਤਾਂ ਦੋ ਜਣਿਆਂ ਨੇ ਗੋਲਕ ਵਿੱਚੋਂ ਪੈਸੇ ਕੱਢ ਲਏ। ਜਦੋਂ ਉਸ ਦੇ ਪਤੀ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਕ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ‘ਤੇ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਛਾਤੀ ਵਿੱਚ ਲੱਗੀ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸਤੋਂ ਇਲਾਵਾ ਛੇਹਰਟਾ ਥਾਣੇ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੌਕੇ ‘ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਕੇ ਲੁਟੇਰਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।












