ਚੰਡੀਗੜ੍ਹ, 19 ਜਨਵਰੀ 2022 – ਕਾਂਗਰਸੀ ਮੰਤਰੀ ਰਾਣਾ ਗੁਰਜੀਤ ਦੇ ਪੁੱਤ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪਾਰਟੀ ਦੇ ਲੀਡਰਾਂ ਵੱਲੋਂ ਰਾਣਾ ਗੁਰਜੀਤ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸ ਸੰਬੰਧ ‘ਚ ਵਿਧਾਇਕ ਨਵਤੇਜ ਚੀਮਾ, ਬਾਵਾ ਹੈਨਰੀ, ਬਲਵਿੰਦਰ ਧਾਲੀਵਾਲ ਅਤੇ ਸੁਖਪਾਲ ਖਹਿਰਾ ਨੇ ਸੋਨੀਆ ਗਾਂਧੀ ਨੂੰ ਪੱਤਰ ਭੇਜੇ ਹਨ ਅਤੇ ਉਹਨਾਂ ਨੇ ਮੰਤਰੀ ਰਾਣਾ ਗੁਰਜੀਤ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਕੀਤੀ ਹੈ।
ਆਪਣੇ ਪੱਤਰ ‘ਚ ਇਹਨਾਂ ਕਾਂਗਰਸੀ ਲੀਡਰਾਂ ਨੇ ਲਿਖਿਆ ਹੈ ਕਿ ਮੰਤਰੀ ਰਾਣਾ ਗੁਰਜੀਤ ਨੂੰ ਕਪੂਰਥਲਾ ਤੋਂ ਟਿਕਟ ਦਿੱਤੀ ਗਈ ਹੈ। ਇਸ ਦੇ ਬਾਵਜੂਦ ਉਹ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਮੈਦਾਨ ਵਿੱਚ ਉਤਾਰ ਰਹੇ ਹਨ। ਜਿਥੋਂ ਕਾਂਗਰਸ ਨੇ ਵਿਧਾਇਕ ਨਵਤੇਜ ਚੀਮਾ ਨੂੰ ਟਿਕਟ ਦਿੱਤੀ ਹੈ।
ਉਨ੍ਹਾਂ ਮੰਤਰੀ ‘ਤੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ 2018 ‘ਚ ਸਰਕਾਰ ਤੋਂ ਅਸਤੀਫਾ ਦੇਣਾ ਪਿਆ ਸੀ। ਉਸ ‘ਤੇ ਰੇਤ ਦੀ ਨਾਜਾਇਜ਼ ਮਾਈਨਿੰਗ ‘ਚ ਸ਼ਾਮਲ ਹੋਣ ਦਾ ਦੋਸ਼ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਰਾਣਾ ਗੁਰਜੀਤ ਦੋਆਬਾ ਖੇਤਰ ਤੋਂ ਇਲਾਵਾ ਫਗਵਾੜਾ, ਭੁਲੱਥ, ਜਲੰਧਰ ਉੱਤਰੀ, ਬੰਗਾ ਆਦਿ ਵਿੱਚ ਸੁਲਤਾਨਪੁਰ ਲੋਧੀ ਵਿੱਚ ਦਖ਼ਲਅੰਦਾਜ਼ੀ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਣਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੂੜ੍ਹੀ ਦੋਸਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ‘ਤੇ ਵੀ ਬੇਬੁਨਿਆਦ ਦੋਸ਼ ਲਾਏ ਹਨ।














