ਗੋਇੰਦਵਾਲ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਦੇ ਪਿਤਾ ਜਤਿੰਦਰ ਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਜਸ਼ਨਬੀਰ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲਾ ਦਰਜ ਹੋਏ 3 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਨਾ ਤਾਂ ਐੱਸਐੱਚਓ ਨਵਦੀਪ ਅਤੇ ਨਾ ਹੀ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਹੋਈ ਹੈ।
ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਤਿੰਨਾਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਬੁੱਧਵਾਰ ਨੂੰ ਉਨ੍ਹਾਂ ਦੇ ਲੜਕੇ ਜਸ਼ਨਬੀਰ ਦੀ ਮ੍ਰਿਤਕ ਦੇਹ ਨੂੰ ਕਪੂਰਥਲਾ ਹਸਪਤਾਲ ਦੇ ਮੁਰਦਾਘਰ ਤੋਂ ਜਲੰਧਰ ਲੈ ਕੇ ਆਉਣਗੇ। ਇਸ ਤੋਂ ਬਾਅਦ ਉਹ ਮ੍ਰਿਤਕ ਦੇਹ ਨੂੰ ਜਲੰਧਰ ਤੋਂ ਚੰਡੀਗੜ੍ਹ ਲੈ ਕੇ ਜਾਣਗੇ ਅਤੇ ਉਥੇ ਜਾ ਕੇ ਵੱਡਾ ਸੰਘਰਸ਼ ਸ਼ੁਰੂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਲੱਭਣ ਵਿੱਚ ਨਾ ਤਾਂ ਪੁਲਿਸ ਪ੍ਰਸ਼ਾਸਨ ਨੇ ਕੋਈ ਮਦਦ ਕੀਤੀ ਅਤੇ ਨਾ ਹੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
ਬਿਆਸ ਦਰਿਆ ਵਿੱਚ ਛਾਲ ਮਾਰਨ ਵਾਲੇ ਢਿੱਲੋਂ ਭਰਾਵਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਐਸਐਚਓ ਨਵਦੀਪ ਸਿੰਘ ਨੇ ਉਨ੍ਹਾਂ ਦੇ ਲੜਕੇ ਦੀ ਪੱਗ ਵੀ ਲਾਹ ਦਿੱਤੀ ਸੀ। ਐਸਐਚਓ ਨਵਦੀਪ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਵੀ ਬੇਅਦਬੀ ਕੀਤੀ ਸੀ। ਨੇ ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 295 ਦੇ ਤਹਿਤ ਬੇਅਦਬੀ ਦਾ ਮਾਮਲਾ ਦਰਜ ਕਰਨ ਲਈ ਵੀ ਕਿਹਾ ਸੀ। ਪਰ ਪੁਲਿਸ ਨੇ ਮਾਮਲੇ ਵਿੱਚ ਧਾਰਾ 295 ਨਹੀਂ ਲਗਾਈ।
ਦੱਸ ਦਈਏ ਕਿ ਇਹ ਪੂਰਾ ਮਾਮਲਾ 16 ਅਗਸਤ ਦਾ ਹੈ। ਥਾਣਾ ਡਿਵੀਜ਼ਨ ਨੰਬਰ 1 ਵਿੱਚ ਕਿਸੇ ਪਰਿਵਾਰਕ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਮਾਨਵਜੀਤ ਦੇ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਸ਼ਨਬੀਰ ਅਤੇ ਹੋਰ ਪਰਿਵਾਰਕ ਮੈਂਬਰ ਜਦੋਂ ਥਾਣੇ ਗਏ ਤਾਂ ਐਸਐਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਮਾਨਵਜੀਤ ਦੀ ਕੁੱਟਮਾਰ ਕਰ ਰਹੇ ਸਨ। ਇੱਥੋਂ ਤੱਕ ਕਿ ਉਸ ਦੀ ਪੱਗ ਵੀ ਉਤਾਰ ਦਿੱਤੀ ਗਈ। ਆਪਣਾ ਬਚਾਅ ਕਰਨ ਲਈ ਐੱਸਐੱਚਓ ਨਵਦੀਪ ਸਿੰਘ ਨੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਦੀ ਸ਼ਿਕਾਇਤ ’ਤੇ ਮਾਨਵਜੀਤ ਪਰਾ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 107/151 ਤਹਿਤ ਹੰਗਾਮਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਛੋਟੇ ਭਰਾ ਜਸ਼ਨਬੀਰ ਨੂੰ ਬਹੁਤ ਸ਼ਰਮ ਮਹਿਸੂਸ ਹੋਈ ਅਤੇ ਉਸ ਨੇ ਇਸ ਗੱਲ ਨੂੰ ਦਿਲ ਵਿਚ ਲਿਆ। ਅਗਲੇ ਦਿਨ ਜਦੋਂ ਮਾਨਵਜੀਤ ਜ਼ਮਾਨਤ ‘ਤੇ ਪੁਲਿਸ ਹਿਰਾਸਤ ‘ਚੋਂ ਬਾਹਰ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਜਸ਼ਨਬੀਰ ਗੋਇੰਦਵਾਲ ਸਾਹਿਬ ਪਹੁੰਚ ਗਿਆ ਹੈ । ਉਸ ਨੇ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਸੀ। ਮਾਨਵਜੀਤ ਆਪਣੇ ਦੋਸਤਾਂ ਨਾਲ ਗੋਇੰਦਵਾਲ ਸਾਹਿਬ ਪਹੁੰਚਿਆ। ਉਸ ਨੇ ਆਪਣੇ ਭਰਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨਦੀ ਵਿੱਚ ਛਾਲ ਮਾਰ ਦਿੱਤੀ। ਉਸ ਨੂੰ ਬਚਾਉਣ ਲਈ ਮਾਨਵਜੀਤ ਵੀ ਪਿੱਛੇ ਛਾਲ ਮਾਰ ਗਿਆ।












