ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਇਤਿਹਾਸਕਾਰ ਤੇ ਪ੍ਰੋ. ਪ੍ਰਿਥੀਪਾਲ ਸਿੰਘ ਦਾ ਅੱਜ ਦੁਪਹਿਰੇ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। ਉਹ ਲਗਪਗ 90 ਸਾਲ ਦੇ ਸਨ। ਉਨ੍ਹਾਂ ਅੰਤਿਮ ਸੰਸਕਾਰ 8ਸਤੰਬਰ ਨੂੰ ਹੀ ਭਾਈ ਰਣਧੀਰ ਸਿੰਘ ਨਗਰ ਸ਼ਮਸ਼ਾਨਘਾਟ ਵਿੱਚ ਸ਼ਾਮੀਂ ਪੰਜ ਵਜੇ ਹੋਵੇਗਾ।
ਉਨ੍ਹਾਂ ਨੇ ਆਪਣਾ ਵਿਦਿਅਕ ਸਫ਼ਰ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਪੜ੍ਹਾਉਣ ਤੋਂ ਆਰੰਭਿਆ ਤੇ ਉਸ ਤੋਂ ਬਾਅਦ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਇਤਿਹਾਸ ਦੇ ਪ੍ਰੋਫੈਸਰ ਬਣੇ। ਉਹ ਗੁਰੂ ਨਾਨਕ ਨਵਭਾਰਤ ਕਾਲਜ ਨਰੂੜ ਪਾਂਛਟਾ ਤੇ ਜੀਜੀਐੱਨ ਖ਼ਾਲਸਾ ਕਾਲਜ ਲੁਧਿਆਣਾ ਦੇ ਵੀ ਪ੍ਰਿੰਸੀਪਲ ਰਹੇ। ਉਹ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਵੀ ਆਪ ਡਾਇਰੈਕਟਰ ਤੇ ਗੁਜਰਾਂਵਾਲਾ ਗੁਰੂ ਨਾਨਕ ਐਜੂਕੇਸ਼ਨ ਕੌਂਸਲ ਲੁਧਿਆਣਾ ਦੇ ਵੀ ਪ੍ਰਧਾਨ ਰਹੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ ਦੁੱਖ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਤੇ ਸਿੱਖ ਕੌਮ ਦਾ ਵਿਲੱਖਣ ਇਤਿਹਾਸ ਕਪੂਰ ਸਾਬ੍ਹ ਨੇ ਆਪਣੀ ਕਲਮ ਰਾਹੀਂ ਅਨੇਕਾਂ ਕਿਤਾਬਾਂ ‘ਚ ਕਲਮਬੱਧ ਕੀਤਾ ਹੈ। ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਵਿੱਛੜੀ ਰੂਹ ਨੂੰ ਚਰਨਾਂ ‘ਚ ਥਾਂ ਦੇਣ ਤੇ ਪਰਿਵਾਰ ਸਮੇਤ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ਣ।












