19ਵੀਆਂ ਏਸ਼ੀਆਈ ਖੇਡਾਂ ਦੇ ਨੌਵੇਂ ਦਿਨ ਭਾਰਤ ਨੂੰ ਮਹਿਲਾਵਾਂ ਦੇ 3000 ਮੀਟਰ ਸਟੀਪਲਚੇਜ਼ ਮੁਕਾਬਲੇ ਵਿੱਚ ਕਾਂਸੀ ਅਤੇ ਚਾਂਦੀ ਦਾ ਤਗ਼ਮਾ ਮਿਲਿਆ ਹੈ। ਇਸ ਤੋਂ ਬਾਅਦ ਔਰਤਾਂ ਦੀ ਲੰਬੀ ਛਾਲ ਵਿੱਚ ਅੰਸੀ ਸੋਜਨ ਨੇ ਭਾਰਤ ਲਈ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤੀ ਮਿਕਸਡ ਰਿਲੇਅ ਟੀਮ ਨੇ ਦਿਨ ਦੇ ਆਖਰੀ ਮੁਕਾਬਲੇ, ਮਿਕਸਡ ਰਿਲੇਅ 4x400m ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਹ ਟੀਮ ਦੌੜ ਵਿੱਚ ਤੀਜੇ ਸਥਾਨ ’ਤੇ ਰਹੀ, ਪਰ ਦੂਜੇ ਨੰਬਰ ’ਤੇ ਆਈ ਸ੍ਰੀਲੰਕਾ ਦੀ ਟੀਮ ਨੂੰ ਅਯੋਗ ਕਰਾਰ ਦਿੱਤਾ ਗਿਆ। ਭਾਰਤ ਨੇ ਅੱਜ 2 ਚਾਂਦੀ ਅਤੇ 5 ਕਾਂਸੀ ਸਮੇਤ ਕੁੱਲ 7 ਤਗਮੇ ਜਿੱਤੇ ਹਨ।
ਸਟੀਪਲਚੇਜ਼ ਈਵੈਂਟ ਵਿੱਚ ਪਾਰੁਲ ਚੌਧਰੀ ਨੇ ਚਾਂਦੀ ਅਤੇ ਪ੍ਰੀਤੀ ਨੇ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤਗਮੇ ਨਾਲ ਭਾਰਤ ਨੇ ਏਸ਼ੀਆਡ ‘ਚ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਪਹਿਲੀ ਵਾਰ ਏਸ਼ੀਆਡ ਮਹਿਲਾ 3000 ਮੀਟਰ ਸਟੀਪਲਚੇਜ਼ ਮੁਕਾਬਲੇ ‘ਚ ਇਕ ਦੇਸ਼ ਦੀਆਂ ਦੋ ਐਥਲੀਟਾਂ ਨੇ ਪੋਡੀਅਮ ‘ਤੇ ਜਗ੍ਹਾ ਬਣਾਈ ਹੈ। ਦੱਸ ਦਈਏ ਅੱਜ 3 ਕਾਂਸੀ ਦੇ ਤਗਮਿਆਂ ਨਾਲ ਸ਼ੁਰੂਆਤ ਕੀਤੀ। ਸਪੀਡ ਸਕੇਟਿੰਗ ‘ਚ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ, ਉਸ ਤੋਂ ਬਾਅਦ ਪੁਰਸ਼ ਟੀਮ ਨੇ ਵੀ ਕਾਂਸੀ ਦਾ ਤਮਗਾ ਜਿੱਤਿਆ।
ਟੇਬਲ ਟੈਨਿਸ ਮਹਿਲਾ ਡਬਲਜ਼ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ। ਟੇਬਲ ਟੈਨਿਸ ‘ਚ ਸੁਤੀਰਥ ਅਤੇ ਅਹਿਕਾ ਮੁਖਰਜੀ ਦੀ ਜੋੜੀ ਨੂੰ ਮਹਿਲਾ ਡਬਲਜ਼ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਾਂਸੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ। ਇਸ ਜੋੜੀ ਨੂੰ ਉੱਤਰੀ ਕੋਰੀਆ ਦੀ ਜੋੜੀ ਨੇ 4-3 ਨਾਲ ਹਰਾਇਆ।ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਹੁਣ ਤੱਕ ਭਾਰਤ ਨੇ 13 ਸੋਨ, 23 ਚਾਂਦੀ ਅਤੇ 23 ਕਾਂਸੀ ਸਣੇ ਕੁੱਲ 59 ਤਗਮੇ ਜਿੱਤੇ ਹਨ। ਭਾਰਤ ਇਸ ਸੂਚੀ ‘ਚ ਚੌਥੇ ਨੰਬਰ ‘ਤੇ ਹੈ।












