ਕੁਰਾਲੀ, 20 ਅਕਤੂਬਰ (ਬਲਜੀਤ ਮਰਵਾਹਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਸ਼ੈਲਰ ਮਾਲਕਾਂ ਦੀ ਚਲ ਰਹੀ ਹੜਤਾਲ ਦੇ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਸ਼ੈਲਰ ਮਾਲਕ ਐਫ ਸੀ ਆਈ ਵੱਲੋਂ ਉਹਨਾਂ ਖਿਲਾਫ ਕੀਤੀ ਕਾਰਵਾਈ ਕਾਰਨ ਹੜਤਾਲ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਅਨਾਜ ਮੰਡੀ ਵਿਚ ਸ਼ੈਲਰ ਮਾਲਕਾਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਸ਼ੈਲਰ ਮਾਲਕ 12 ਦਿਨਾ ਤੋਂ ਹੜਤਾਲ ’ਤੇ ਹਨ। ਆਮ ਆਦਮੀ ਪਾਰਟੀ ਸਰਕਾਰ ਨੇ ਹਾਲੇ ਤੱਕ ਉਹਨਾਂ ਦਾ ਮਸਲਾ ਹੱਲ ਵਾਸਤੇ ਕੇਂਦਰ ਸਰਕਾਰ ਕੋਲ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸ਼ੈਲਰ ਮਾਲਕਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣਨੀਆਂ ਚਾਹੀਦੀਆਂ ਹਨ ਤਾਂ ਜੋ ਇਹ ਛੇਤੀ ਤੋਂ ਛੇਤੀ ਹੱਲ ਕਰਵਾਈਆਂ ਜਾ ਸਕਣ।
ਸ਼ੈਲਰ ਮਾਲਕਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਹੜਤਾਲ ਕਰਨ ਤੋਂ ਪਹਿਲਾਂ ਮਸਲਾ ਆਪ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ। ਉਹਨਾਂ ਕਿਹਾ ਕਿ ਇਹ ਮਸਲਾ ਪੰਜਾਬ ਵਿਚ ਹੀ ਨਿਵੇਕਲਾ ਹੈ ਜਦੋਂ ਕਿ ਹਰਿਆਣਾ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆ ਰਹੀ ਤੇ ਐਫ ਸੀ ਆਈ ਨੂੰ ਫੋਰਟੀਫਾਈ ਚੌਲ ਸਪਲਾਈ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਚੌਲਾਂ ’ਤੇ ਚੜ੍ਹਾਏ ਜਾਣ ਵਾਲੇ ਸੂਖ਼ਮ ਪੌਸ਼ਟਿਕ ਤੱਕ ਕਿਉਂਕਿ ਐਫ ਸੀ ਆਈ ਤੋਂ ਲਾਇਸੰਸ ਪ੍ਰਾਪਤ ਇਕਾਈਆਂ ਤੋਂ ਮਿਲਦੇ ਹਨ ਤਾਂ ਕਾਰਵਾਈ ਇਹਨਾਂ ਇਕਾਈਆਂ ਖਿਲਾਫ ਹੋਣੀ ਚਾਹੀਦੀ ਹੈ ਨਾ ਕਿ ਸ਼ੈਲਰ ਮਾਲਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ।
ਸੁਖਬੀਰ ਸਿੰਘ ਬਾਦਲ ਨੇ ਸ਼ੈਲਰ ਮਾਲਕਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਆਪ ਸਰਕਾਰ ਨੂੰ ਸ਼ੈਲਰ ਮਾਲਕਾਂ ਨੂੰ ਇਨਸਾਫ ਦੇਣ ਵਾਸਤੇ ਮਜਬੂਰ ਕਰੇਗਾ। ਉਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੈਲਰ ਮਾਲਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇ। ਉਹਨਾਂ ਕਿਹਾ ਕਿ ਅਜਿਹਾ ਕਰਨਾ ਲਾਜ਼ਮੀ ਹੈ ਤਾਂ ਜੋ ਖਰੀਦ ਦਾ ਚਲ ਰਿਹਾ ਸੀਜ਼ਨ ਪ੍ਰਭਾਵਤ ਨਾ ਹੋਵੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੜਤਾਲ ਦੇ ਕਾਰਨ ਆੜ੍ਹਤੀਏ ਵੀ ਪ੍ਰਭਾਵਤ ਹੋ ਰਹੇ ਹਨ ਤੇ ਇਸ ਲਈ ਰਾਜ ਸਰਕਾਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ।












