ਨਵੀਂ ਦਿੱਲੀ, 23 ਜਨਵਰੀ 2022 – 22 ਜਨਵਰੀ ਨੂੰ ਦੇਰ ਰਾਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਬਿਨਾਂ ਜਗਦੀਪ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।
ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਬਿਨਾਂ ਕਮੇਟੀ ਲਈ ਹਰਵਿੰਦਰ ਸਿੰਘ ਕੇ ਪੀ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਜੂਨੀਅਰ ਮੀਤ ਪ੍ਰਧਾਨ ਅਤੇ ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ ਚੁਣੇ ਗਏ ਹਨ। ਇਸ ਤੋਂ ਇਲਾਵਾ 10 ਮੈਂਬਰੀ ਕਾਰਜਕਾਰਨੀ ਵਿਚ ਸਰਵਜੀਤ ਸਿੰਘ ਵਿਰਕ, ਅਮਰਜੀਤ ਸਿੰਘ ਫਤਿਹ ਨਗਰ, ਗੁਰਮੀਤ ਸਿੰਘ ਭਾਟੀਆ, ਬੀਬੀ ਰਣਜੀਤ ਕੌਰ, ਵਿਕਰਮ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਪਿੰਕੀ, ਬਲਬੀਰ ਸਿੰਘ, ਸੁਰਜੀਤ ਸਿੰਘ ਜੀਤੀ, ਜਸਬੀਰ ਸਿੰਘ ਜੱਸੀ ਮੈਂਬਰ ਚੁਣੇ ਗਏ ਹਨ।
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਵਾਸਤੇ ਸੱਦੇ ਗਏ ਦਿੱਲੀ ਕਮੇਟੀ ਦੇ ਜਨਰਲ ਹਾਊਸ ਦੀ ਕਾਰਵਾਈ 12 ਵਜੇ ਸ਼ੁਰੂ ਹੋਈ ਅਤੇ ਦੇਰ ਰਾਤ ਪਈਆਂ ਵੋਟਾਂ ਦੌਰਾਨ ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨਗੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਿਚਾਲੇ ਮੁਕਾਬਲਾ ਸੀ।
ਇਸ ਤੋਂ ਪਹਿਲਾਂ ਦਿਨ ਵੇਲੇ ਹੰਗਾਮਾ ਹੋਣ ਕਾਰਨ ਵੋਟਿੰਗ ਦਾ ਕੰਮ ਰੋਕ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਵੋਟਿੰਗ ਹੱਥ ਖੜ੍ਹੇ ਕਰਵਾ ਕੇ ਕੀਤੀ ਜਾਵੇ ਜਦੋਂ ਕਿ ਸਰਨਾ ਧੜਾ ਮੰਗ ਕਰ ਰਿਹਾ ਸੀ ਕਿ ਵੋਟਿੰਗ ਗੁਪਤ ਬੈਲਟ ਪੇਪਰ ਰਾਹੀਂ ਕਰਵਾਈ ਜਾਵੇ। ਇਸ ਬਿਨਾਂ ਵੋਟਿੰਗ ਦੌਰਾਨ ਕਈ ਮੈਂਬਰਾਂ ਦੇ ਆਪਸ ‘ਚ ਹੱਥੋ-ਪਾਈ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਆਖਰ ਇਸ ਸਭ ਤੋਂ ਬਾਅਦ ਦੇਰ ਰਾਤ ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ।












