ਮਲਿਆਲਮ ਅਦਾਕਾਰਾ ਰੇਂਜੁਸ਼ਾ ਮੇਨਨ ਦੀ ਮੌਤ ਹੋ ਗਈ ਹੈ। ਉਹ ਸਿਰਫ਼ 35 ਸਾਲਾਂ ਦੀ ਸੀ। ਉਹ ਮਲਿਆਲਮ ਇੰਡਸਟਰੀ ‘ਚ ਕਾਫੀ ਮਸ਼ਹੂਰ ਸੀ। ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਰੇਂਜੁਸ਼ਾ ਵਿੱਤੀ ਸੰਕਟ ਨਾਲ ਜੂਝ ਰਹੀ ਸੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਜਦੋਂ ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰਾਂ ਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋਇਆ। ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅਦਾਕਾਰਾ ਮ੍ਰਿਤਕ ਪਾਈ ਗਈ। ਮੀਡੀਆ ਰਿਪੋਰਟਾਂ ਮੁਤਾਬਕ ਰੇਂਜੁਸ਼ਾ ਆਪਣੇ ਪਤੀ ਅਤੇ ਬੱਚਿਆਂ ਨਾਲ ਤਿਰੂਵਨੰਤਪੁਰਮ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ।
ਰੇਂਜੁਸ਼ਾ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਤੱਕ ਸੋਸ਼ਲ ਮੀਡੀਆ ‘ਤੇ ਸਰਗਰਮ ਸੀ। ਉਸਨੇ ਕਈ ਟੀਵੀ ਸੀਰੀਅਲ ਅਤੇ ਫਿਲਮਾਂ ਵਿੱਚ ਕੰਮ ਕੀਤਾ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਟੀਵੀ ਐਂਕਰ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੀਰੀਅਲ ‘ਸਤ੍ਰੀ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।











