- ਮੁਲਜ਼ਮ ਨੇ ਕਰਜ਼ਾ ਚੁਕਾਉਣ ਲਈ ਲਈ ਸੀ ਸੁਪਾਰੀ
- ਕਾਰ ‘ਤੇ ਲਿਖਿਆ ਹੋਇਆ ਹੈ ਪੰਜਾਬ ਸਰਕਾਰ
ਚੰਡੀਗੜ੍ਹ, 24 ਨਵੰਬਰ 2023 – ਚੰਡੀਗੜ੍ਹ ਪੀਜੀਆਈ ਵਿੱਚ ਦਾਖ਼ਲ ਮਹਿਲਾ ਹਰਮੀਤ ਕੌਰ ਦੇ ਟੀਕਾ ਲਾਉਣ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਮੁਲਜ਼ਮ ਮਨਦੀਪ ਸਿੰਘ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਉਣ ਦਾ ਕੰਮ ਕਰਦਾ ਸੀ ਪਰ ਇਹ ਕੰਮ ਬੰਦ ਹੋਣ ਕਾਰਨ ਉਸ ਸਿਰ ਕਰੀਬ 2.5 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਸੀ।
ਇਹ ਕਰਜ਼ਾ ਮੋੜਨ ਲਈ ਹੀ ਉਸ ਨੇ ਹਰਮੀਤ ਕੌਰ ਨੂੰ ਮਾਰਨ ਦੀ ਸੁਪਾਰੀ ਲਈ ਸੀ। ਪੁਲੀਸ ਨੇ ਅਗਾਊਂ ਮਿਲੇ 50 ਹਜ਼ਾਰ ਰੁਪਏ ਵਿੱਚੋਂ ਕੁਝ ਰਕਮ ਵੀ ਬਰਾਮਦ ਕਰ ਲਈ ਹੈ। ਇਸ ਮਾਮਲੇ ਵਿੱਚ ਮਨਦੀਪ ਸਿੰਘ ਅਤੇ ਪੀੜਤਾ ਦੇ ਜੀਜੇ ਬੂਟਾ ਸਿੰਘ ਵਿਚਕਾਰ ਅੱਧੇ ਪੈਸੇ ਰੱਖਣ ਲਈ ਸੌਦਾ ਹੋਇਆ ਸੀ।
ਪੁਲਿਸ ਨੇ ਇਸ ਮਾਮਲੇ ਵਿੱਚ ਵਰਤੀ ਇੱਕ ਅਰਟਿਗਾ ਗੱਡੀ ਬਰਾਮਦ ਕੀਤੀ ਹੈ। ਜਿਸਦਾ ਨੰਬਰ PB11- CG- 2857 ਹੈ। ਇਸ ਗੱਡੀ ਦੇ ਅਗਲੇ ਪਾਸੇ ਪੰਜਾਬ ਸਰਕਾਰ ਲਿਖਿਆ ਹੋਇਆ ਹੈ। ਇਹ ਗੱਡੀ ਮੁਲਜ਼ਮ ਜੀਜਾ ਬੂਟਾ ਸਿੰਘ ਦੀ ਦੱਸੀ ਜਾਂਦੀ ਹੈ। ਉਸ ਨੇ ਇਹ ਗੱਡੀ ਬਿਜਲੀ ਵਿਭਾਗ ਨਾਲ ਅਟੈਚ ਕੀਤੀ ਹੋਈ ਹੈ। ਇਸ ਲਈ ਉਸ ਨੇ ਇਸ ‘ਤੇ ਪੰਜਾਬ ਸਰਕਾਰ ਨੂੰ ਲਿਖਿਆ ਹੋਇਆ ਹੈ।
ਮੁਲਜ਼ਮ ਇਸ ਗੱਡੀ ਵਿੱਚ ਪੀਜੀਆਈ ਚੰਡੀਗੜ੍ਹ ਆਏ ਸਨ। ਪੁਲੀਸ ਨੇ ਗੱਡੀ ਵਿੱਚੋਂ ਜ਼ਹਿਰੀਲੇ ਟੀਕੇ ਬਣਾਉਣ ਦੀ ਸਮੱਗਰੀ ਵੀ ਬਰਾਮਦ ਕੀਤੀ ਹੈ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਮਨਦੀਪ ਸਿੰਘ ਖ਼ੁਦ ਟੀਕਾ ਲਗਵਾਉਣ ਦੀ ਤਿਆਰੀ ਕਰ ਰਿਹਾ ਸੀ। ਇਸ ਦੇ ਲਈ ਉਹ ਪਹਿਲਾਂ ਕਈ ਵਾਰ ਆਈਸੀਯੂ ਗਿਆ ਸੀ ਪਰ ਬਾਅਦ ਵਿੱਚ ਔਰਤ ਨੂੰ ਗਾਇਨੀਕੋਲਾਜੀ ਵਾਰਡ ਵਿੱਚ ਸ਼ਿਫਟ ਕਰ ਦਿੱਤਾ। ਜਿੱਥੇ ਮਰਦ ਆਸਾਨੀ ਨਾਲ ਦਾਖਲ ਨਹੀਂ ਹੋ ਸਕਦੇ। ਇਸ ਕਾਰਨ ਬਾਅਦ ਵਿੱਚ ਯੋਜਨਾਬੰਦੀ ਦੇ ਹਿੱਸੇ ਵਜੋਂ ਇਹ ਜ਼ਿੰਮੇਵਾਰੀ ਕੇਅਰਟੇਕਰ ਗੁਰਮੀਤ ਕੌਰ ਨੂੰ ਦਿੱਤੀ ਗਈ।
ਅੱਜ ਬਾਅਦ ਦੁਪਹਿਰ ਪੁਲੀਸ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਪੀੜਤ ਦੇ ਭਰਾ ਜਸਮੀਤ ਸਿੰਘ, ਜੀਜਾ ਬੂਟਾ ਸਿੰਘ ਅਤੇ ਤੀਜੇ ਮੁਲਜ਼ਮ ਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਰਾਜਪੁਰਾ ਤੋਂ ਗ੍ਰਿਫ਼ਤਾਰ ਕਰਕੇ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਲਿਆ ਸੀ, ਜੋ ਕੱਲ੍ਹ ਖ਼ਤਮ ਹੋ ਗਿਆ। ਪੁਲਿਸ ਪੁੱਛਗਿੱਛ ਲਈ ਮੁਲਜ਼ਮਾਂ ਦਾ ਹੋਰ ਰਿਮਾਂਡ ਵੀ ਮੰਗੇਗੀ।












