ਹਰ ਸਾਲ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਆਈਸੀਸੀ ਵੱਲੋਂ ਸਾਲਾਨਾ ਇਨਾਮਾਂ ਰਾਹੀਂ ਸਨਮਾਨਿਤ ਕੀਤਾ ਜਾਂਦਾ ਹੈ। ਸੋਮਵਾਰ ਨੂੰ ਆਈਸੀਸੀ ਨੇ 2021 ਦੇ ਸਰਵੋਤਮ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਐਵਾਰਡ ‘ਤੇ ਪਾਕਿਸਤਾਨੀ ਖਿਡਾਰੀਆਂ ਦਾ ਦਬਦਬਾ ਰਿਹਾ। ਇਸ ਦੇ ਨਾਲ ਹੀ ਭਾਰਤ ਦੀ ਸ਼ਰਮ ਸਮ੍ਰਿਤੀ ਮੰਧਾਨਾ ਨੇ ਬਚਾਈ ਹੈ। ਮੰਧਾਨਾ ਨੂੰ ਆਈਸੀਸੀ ਨੇ ਸਾਲ ਦੀ ਸਭ ਤੋਂ ਉੱਤਮ ਮਹਿਲਾ ਕ੍ਰਿਕਟਰ ਚੁਣਿਆ ਹੈ।
ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਆਈਸੀਸੀ ਵਨਡੇ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ, ਜਦੋਂ ਕਿ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਸਾਲ ਦਾ ਪੁਰਸ਼ ਕ੍ਰਿਕਟਰ ਚੁਣਿਆ ਗਿਆ ਹੈ। ਮੁਹੰਮਦ ਰਿਜ਼ਵਾਨ ਪਹਿਲਾਂ ਹੀ ਸਾਲ ਦਾ ਟੀ-20 ਕ੍ਰਿਕਟਰ ਬਣ ਚੁੱਕਾ ਹੈ।
ਸ਼ਾਹੀਨ ਅਫਰੀਦੀ ਸਾਲ ਦੇ ਸਭ ਤੋਂ ਨੌਜਵਾਨ ਖਿਡਾਰੀ ਹਨ। ਉਸ ਨੇ ਇਹ ਮਾਣ 21 ਸਾਲ ਦੀ ਉਮਰ ਵਿੱਚ ਹਾਸਲ ਕੀਤਾ। ਸ਼ਾਹੀਨ ਨੇ ਸਾਲ 2021 ਵਿੱਚ 36 ਅੰਤਰਰਾਸ਼ਟਰੀ ਮੈਚ ਖੇਡੇ ਅਤੇ 22.20 ਦੀ ਜ਼ਬਰਦਸਤ ਔਸਤ ਨਾਲ 78 ਵਿਕਟਾਂ ਲਈਆਂ। ਉਸ ਦਾ ਸਰਵੋਤਮ ਪ੍ਰਦਰਸ਼ਨ 51 ਦੌੜਾਂ ਦੇ ਕੇ ਛੇ ਵਿਕਟਾਂ ਦਾ ਰਿਹਾ।
ਟੈਸਟ ਕ੍ਰਿਕਟ ਦੀ ਗੱਲ ਕਰੀਏ ਤਾਂ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਆਪਣੀ ਪਛਾਣ ਬਣਾ ਲਈ ਹੈ ਅਤੇ ਉਨ੍ਹਾਂ ਨੂੰ ਸਾਲ 2021 ਲਈ ਟੈਸਟ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ।
ਸਮ੍ਰਿਤੀ ਮੰਧਾਨਾ 2018 ਤੋਂ ਬਾਅਦ ਇਕ ਵਾਰ ਫਿਰ ਤੋਂ ਵੂਮੈਨ ਕ੍ਰਿਕਟਰ ਆਫ ਦਿ ਈਅਰ ਬਣ ਗਈ ਹੈ। ਮੰਧਾਨਾ ਨੇ 2021 ਵਿੱਚ 22 ਅੰਤਰਰਾਸ਼ਟਰੀ ਮੈਚ ਖੇਡੇ ਅਤੇ 38.86 ਦੀ ਔਸਤ ਨਾਲ 855 ਦੌੜਾਂ ਬਣਾਈਆਂ। ਮੰਧਾਨਾ ਤੋਂ ਇਲਾਵਾ ਕੋਈ ਹੋਰ ਭਾਰਤੀ ਖਿਡਾਰੀ ਆਈਸੀਸੀ ਐਵਾਰਡਜ਼ ਵਿੱਚ ਆਪਣਾ ਜਲਵਾ ਨਹੀਂ ਦਿਖਾ ਸਕਿਆ।












