ਕਿਰਤ ਤੋਂ ਭਾਵ ਹੈ ਆਪਣੇ ਦਸਾਂ ਨਹੁੰਆਂ ਨਾਲ ਖ਼ੂਨ-ਪਸੀਨਾ ਬਹਾ ਕੇ ਕੀਤਾ ਗਿਆ ਕੰਮ। ਕਿਰਤ ਕਰੋ ਸਿੱਖ ਧਰਮ ਦੇ ਤਿੰਨ ਥੰਮ੍ਹਾਂ ਵਿਚੋਂ ਇੱਕ ਹੈ, ਦੂਸਰੇ ਦੋ ‘ਨਾਮ ਜਪੋ’ ਅਤੇ ‘ਵੰਡ ਛਕੋ’ ਹਨ।
ਸਿੱਖ ਧਰਮ ਦੇ ਬਾਨੀ ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ-ਨਾਮ ਜਪੋ-ਵੰਡ ਛੱਕੋ’ ਦੇ ਬੁਨਿਆਦੀ ਸਿਧਾਂਤਾਂ ਨਾਲ ਸਿੱਖ ਧਰਮ ਦੀ ਨੀਂਹ ਰੱਖੀ ਸੀ। ਇਨ੍ਹਾਂ ਸਿਧਾਂਤਾਂ ਦੀ ਰੌਸ਼ਨੀ ‘ਚ ਆਪ ਜੀ ਨੇ ਲੁਕਾਈ ਨੂੰ ਅਜਿਹੀ ਇਨਕਲਾਬੀ ਜੀਵਨ ਜਾਂਚ ਦੱਸੀ, ਜੋ ਕਿ ਮਨੁੱਖ ਨੂੰ ਪਰਮ ਮਨੁੱਖ ਬਣਾਉਣ ਦਾ ਮਾਰਗ ਹੈ। ਗੁਰੂ ਸਾਹਿਬ ਦੀ ਸਿਧਾਂਤਾਂ ਦੇ ਇਹ ਤਿੰਨ ਧੁਰੇ ਹਨ, ਜਿਨ੍ਹਾਂ ਉੱਤੇ ਸਾਰੀ ਸਿੱਖ ਫਲਾਸਫੀ ਖੜ੍ਹੀ ਹੈ। ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਹ ਕੋਈ 3 ਵੱਖ-ਵੱਖ ਚੀਜ਼ਾਂ ਨਹੀਂ ਹਨ ਸਗੋਂ ਤਿੰਨੋਂ ਇਕਠੀਆਂ ਹੀ ਹਨ ਅਤੇ ਨਾਮ ਜਪਣ ਦੀ ਅਵਸਥਾ ‘ਚ ਹੀ ਆਉਂਦੀਆਂ ਹਨ।
ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਮਨੁੱਖ ਅਤੇ ਸਮਾਜ ਦੀ ਸਥਾਪਨਾ ਲਈ ‘ਕਿਰਤ ਕਰੋ’, ‘ਵੰਡ ਛਕੋ’ ਅਤੇ ‘ਨਾਮ ਜਪੋ’ ਦੇ ਤਿੰਨ ਮੁੱਖ ਉਪਦੇਸ਼ ਦਿੱਤੇ, ਜੋ ਸਾਮਜ ਦੇ ਅਰਥਚਾਰੇ ਮਨੁੱਖ ਦੀ ਰੂਹਾਨੀ ਖੁਸ਼ੀ ਅਤੇ ਸਮਾਜਿਕ ਸਾਂਝੀਵਾਲਤਾ ਦੇ ਅਹਿਮ ਸੰਕਲਪ ਹਨ।
ਕਿਰਤ ਕਰਨ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨਾਮ-ਸਿਮਰਨ ਦੇ ਸੰਕਲਪ ਨੂੰ ਵੀ ਵਿਸਥਾਰਮਈ ਰੂਪ ‘ਚ ਪ੍ਰਗਟਾਉਂਦੇ ਹਨ ਕਿ ਕਿਰਤ ਦਾ ਆਦਰਸ਼ ਰੂਪ ਨਾਮ ਦੀ ਕਿਰਤ ਕਰਨਾ ਹੈ। ਉਨ੍ਹਾਂ ਅਨੁਸਾਰ ਜੋ ਮਨੁੱਖ ਗ੍ਰਹਿਸਥੀ ਜੀਵਨ ‘ਚ ਸੱਚੀ ਕਿਰਤ ਕਰਦਾ ਹੈ, ਉਹ ਕਿਰਤ ਨਾਮ ਜਪਣ ਦੇ ਬਰਾਬਰ ਹੁੰਦੀ ਹੈ। ਮਨੁੱਖ ਨੂੰ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਇਕੱਠੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਕਿਉਂਕਿ ਜੇ ਸਿਰਫ ਕਿਰਤ ਨੂੰ ਹੀ ਜ਼ਿੰਦਗੀ ਦਾ ਮੁੱਖ ਆਧਾਰ ਮੰਨ ਕੇ ਚੱਲਾਂਗੇ ਤਾਂ ਉਹ ਵਪਾਰਕ ਬਣ ਜਾਵੇਗੀ ਅਤੇ ਜੇ ਸਿਰਫ ਕਿਰਤ ਨਹੀਂ ਨਾਮ ਹੀ ਹੈ ਤਾਂ ਉਸ ਨਾਲ ਆਤਮਿਕ ਮੁਕਤੀ ਪ੍ਰਾਪਤ ਨਹੀਂ ਹੋ ਸਕੇਗੀ। ਇਸ ਲਈ ਇਨ੍ਹਾਂ ਤਿੰਨਾਂ ਸੰਕਲਪਾਂ ਨੂੰ ਸਹਿਜੇ ਰੂਪ ਵਿੱਚ ਢਾਲਣਾ ਜ਼ਰੂਰੀ ਹੈ।
ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਵੰਡ ਛਕਣ ਦੀ ਵੀ ਗੱਲ ਕਰਦੇ ਹਨ। ਜੋ ਮਨੁੱਖ ਆਪਣੀ ਕਿਰਤ ਕਮਾਈ ‘ਚੋਂ ਵੰਡ ਛਕਣ ਦੇ ਸਿਧਾਂਤ ਨੂੰ ਅਪਣਾ ਕੇ ਲੋੜਵੰਦਾਂ ਦੀ ਵੀ ਸਹਾਇਤਾ ਕਰਦਾ ਹੈ, ਉਹੀ ਮਨੁੱਖ ਕਰਮਸ਼ੀਲ ਹੋ ਸਕਦਾ ਹੈ। ਵੰਡ ਛਕਣ ਦਾ ਸਿਧਾਂਤ ਸਾਂਝੀਵਾਲਤਾ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ ਅਤੇ ਮਨੁੱਖ ਦੇ ਅੰਦਰੋਂ ਹਉਮੈ ਨੂੰ ਵੀ ਸਦੀਵੀਂ ਤੌਰ ‘ਤੇ ਨਸ਼ਟ ਕਰਦਾ ਹੈ।












